ਨਵਾਂਸ਼ਹਿਰ, 4 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸਥਾਨਕ ਸਮਾਜ ਸੇਵੀ ਸੰਸਥਾ ਬੀ. ਡੀ. ਸੀ. ਵਲੋਂ ਹੜ੍ਹ ਪੀੜਤ ਮਰੀਜ਼ਾਂ ਦੇ ਲੈਬ ਟੈਸਟ ਤੇ ਖੂਨ ਯੂਨਿਟ ਸੇਵਾ ਮੁਫ਼ਤ ਕਰਨ ਦਾ ਫੈਸਲਾ ਕੀਤਾ ਹੈ | ਸੰਸਥਾ ਦੇ ਪ੍ਰਧਾਨ ਐਸ. ਕੇ. ਸਰੀਨ, ਮੀਤ ਪ੍ਰਧਾਨ ਜੀ. ਐਸ. ਤੂਰ, ਸਕੱਤਰ ਜੇ. ਐਸ. ਗਿੱਦਾ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ, ਡਾ. ਅਜੇ ਬੱਗਾ ਤੇ ਮੈਨੇਜਰ ਮਨਮੀਤ ਸਿੰਘ ਵਲੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਰਾਹੀਂ ਉਕਤ ਜਾਣਕਾਰੀ ਸਾਂਝੀ ਕੀਤੀ ਗਈ | ਉਕਤ ਅਹੁਦੇਦਾਰਾਂ ਨੇ ਲੋੜਵੰਦਾਂ ਨੂੰ ਸੇਵਾਵਾਂ ਲੈਣ ਵੇਲੇ ਆਪਣਾ ਪਹਿਚਾਣ-ਪੱਤਰ ਨਾਲ ਲਿਆਉਣ ਦੀ ਬੇਨਤੀ ਕਰਦਿਆਂ ਇਹ ਜਾਣਕਾਰੀ ਵੀ ਦਿੱਤੀ ਕਿ ਸੰਬੰਧਤ ਵਿਅਕਤੀ ਆਪਣੀ ਸਿਹਤ ਸਮੱਸਿਆ ਤੇ ਢੁੱਕਵੇਂ ਟੈਸਟਾਂ ਬਾਰੇ ਸੰਸਥਾ ਦੇ ਡਾਕਟਰਾਂ ਨਾਲ ਸਲਾਹ ਮਸ਼ਵਰਾ ਵੀ ਕਰ ਸਕਦੇ ਹਨ | ਸੰਸਥਾ ਵਲੋਂ ਰਾਜ ਤੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਸੰਕਟ ਦੀ ਇਸ ਘੜੀ 'ਤੇ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਰਾਹਤ ਪੈਕੇਜ ਜਾਰੀ ਕੀਤੇ ਜਾਣ, ਕਮੇਟੀ ਨੇ ਆਸ ਪ੍ਰਗਟ ਕੀਤੀ ਹੈ ਕਿ ਪ੍ਰਮਾਤਮਾ ਸਰਬ ਸਾਂਝੇ ਯਤਨਾਂ ਨੂੰ ਤਾਕਤ ਬਖਸ਼ਣ | ਸੰਸਥਾ ਨੇ ਹੜ੍ਹਪੀੜਤਾਂ ਦੀ ਮੱਦਦ ਕਰ ਰਹੀਆਂ ਸ਼ਖ਼ਸੀਅਤਾਂ ਤੇ ਸੰਸਥਾਵਾਂ ਵਲੋਂ ਕੀਤੀ ਜਾ ਰਹੀ ਘਾਲਣਾ ਦੀ ਪ੍ਰਸੰਸਾ ਕੀਤੀ ਹੈ |