ਪੋਜੇਵਾਲ ਸਰਾਂ, 6 ਸਤੰਬਰ (ਨਵਾਂਗਰਾਈਾ)-ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਪਿਛਲੇ ਡੇਢ ਸਾਲ ਤੋਂ ਬਾਬਾ ਸੁੱਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਦੀ ਸਰਪ੍ਰਸਤੀ ਹੇਠ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਮਾਰਗ ਦੇ ਟੋਟੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਟੋਟੇ ਨੂੰ ਚਾਰ ਮਾਰਗੀ ਕਰਨ ਦੀ ਕਾਰਸੇਵਾ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਜਿਥੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵਲੋਂ ਇਸ ਮਾਰਗ ਦੀ ਸੇਵਾ ਕੀਤੀ ਜਾ ਰਹੀ ਹੈ ਉਥੇ ਡੇਢ ਸਾਲ ਤੋਂ ਲਗਾਤਾਰ ਹਰੋ ਦਾ ਪੋਅ ਲਾਗੇ ਲਗਾਤਾਰ ਲੰਗਰ ਦੀ ਸੇਵਾ ਚੱਲ ਰਿਹਾ ਹੈ | ਇਥੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵਲੋਂ ਸ੍ਰੀ ਅਨੰਦਪੁਰ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ ਨੂੰ ਜਾਣ ਵਾਲੀ ਸੰਗਤ ਲਈ ਲੰਗਰ ਲਗਾਇਆ ਹੋਇਆ ਹੈ | ਅੱਜ ਕੱਲ੍ਹ ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਵੀ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ | ਪਿਛਲੇ ਦਿਨੀ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਵਿਚ ਸਤਲੁਜ ਦਰਿਆ ਦੇ ਕਿਨਾਰਿਆ 'ਤੇ ਕਈ ਜਗ੍ਹਾ ਇਨ੍ਹਾਂ ਮਹਾਂਪੁਰਸਾਂ ਵਲੋਂ ਬੰਨ੍ਹਾਂ 'ਤੇ ਮਿੱਟੀ ਦੇ ਥੈਲਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਭਾਖੜਾ ਨਹਿਰ ਨੂੰ ਟੁੱਟਣ ਤੋਂ ਬਚਾਉਣ ਲਈ ਇਨ੍ਹਾਂ ਮਹਾਂਪੁਰਸ਼ਾਂ ਦੀ ਅਗਵਾਈ ਵਿਚ ਲਗਾਤਾਰ ਸੇਵਾ ਨਿਭਾਈ ਜਾ ਰਹੀ ਹੈ | ਇਸ ਤੋਂ ਇਲਾਵਾ ਬਾਰਡਰ ਏਰੀਏ ਵਿਚ ਇਨ੍ਹਾਂ ਮਹਾਂਪੁਰਸ਼ਾਂ ਦੀ ਅਗਵਾਈ ਵਿਚ ਲਗਾਤਾਰ ਹੜ੍ਹ ਵਿਚ ਫਸੇ ਲੋਕਾਂ ਲਈ ਖਾਣ ਪੀਣ ਦਾ ਸਾਮਾਨ, ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਅਤੇ ਹੜ੍ਹਾਂ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਸੇਵਾ ਕਰਨ ਵਿਚ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ | ਬਾਬਾ ਸਤਨਾਮ ਸਿੰਘ ਇੰਨੇ ਹਿੰਮਤੀ ਮਹਾਂਪੁਰਸ਼ ਹਨ ਕਿ ਕਦੇ ਸਵੇਰ ਵੇਲੇ ਸ੍ਰੀ ਅਨੰਦਪੁਰ ਸਾਹਿਬ ਲਾਗੇ, ਕਦੇ ਸੜਕ ਦੀ ਸੇਵਾ ਤੇ ਮੀਂਹ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਸੜਕ ਤੇ ਕਦੇ ਬਾਰਡਰ ਏਰੀਏ ਦੇ ਪਿੰਡਾਂ ਵਿਚ ਦਿਖਾਈ ਦਿੰਦੇ ਹਨ | ਬਾਬਾ ਸਤਨਾਮ ਸਿੰਘ ਦੀ ਚਰਚਾ ਅੱਜ ਹਰ ਪਾਸੇ ਹੋ ਰਹੀ ਹੈ ਇਹ ਮਹਾਂਪੁਰਸ਼ ਬਿਨਾਂ ਥਕਾਵਟ ਦੇ ਦਿਨ ਰਾਤ ਇਕ ਕਰਕੇ ਲੋਕਾਂ ਦੀ ਹਰ ਸੰਭਵ ਸੇਵਾ ਕਰਨ ਦੀ ਕੋਸ਼ਿਸ ਕਰ ਰਹੇ ਹਨ |