ਬੰਗਾ, 24 ਸਤੰਬਰ (ਕੁਲਦੀਪ ਸਿੰਘ ਪਾਬਲਾ)-ਪੰਜਾਬੀ ਲੋਕ ਗੀਤ 'ਪੰਜਾਬ ਮੇਰਾ' ਦੀ ਸ਼ੂਟਿੰਗ ਪੂਰੀ ਤਰ੍ਹਾਂ ਮੁਕੰਮਲ ਹੋ ਗਈ ਹੈ | ਇਸ ਗੀਤ ਨੂੰ ਲੋਕ ਗਾਇਕ ਲੱਖਾ ਭਰੋਮਜਾਰਾ ਨੇ ਆਪਣੀ ਮਧੁਰ ਆਵਾਜ਼ ਨਾਲ ਗਾਇਆ ਹੈ | ਗੀਤ ਨੂੰ ਸੰਗੀਤਕਾਰ ਜੈਜਵੀਰ ਦੀਆਂ ਸ਼ਾਨਦਾਰ ਧੁਨਾਂ ਰਾਹੀਂ ਸ਼ਿੰਗਾਰਿਆ ਗਿਆ ਹੈ | ਗੀਤ ਦੇ ਬੋਲ ਗੀਤਕਾਰ ਮੱਖਣ ਉਧੋਵਾਲੀ ਅਤੇ ਕਿੰਦਾ ਘੱਕੇਵਾਲ ਦੀ ਕਲਮ ਨੇ ਲਿਖੇ ਹਨ | ਇਸ ਗੀਤ ਦਾ ਫਿਲਮਾਂਕਣ ਵੀਡੀਓ ਡਾਇਰੈਕਟਰ ਅਸ਼ੋਕ ਭਗਤ ਜਲੰਧਰ ਵਾਲਿਆਂ ਨੇ ਸੁੰਦਰ ਅਤੇ ਮਨਮੋਹਕ ਥਾਵਾਂ 'ਤੇ ਕੀਤਾ ਹੈ | ਗੀਤ ਦੇ ਫਿਲਮਾਂਕਣ ਸਮੇਂ ਵਿਦੇਸ਼ੀ ਵਿਅਕਤੀ ਦੇ ਮੁੱਖ ਕਿਰਦਾਰ ਨੂੰ ਡਾ. ਨਵਕਾਂਤ ਭਰੋਮਜਾਰਾ ਨੇ ਬਾਖੂਬੀ ਨਾਲ ਨਿਭਾਇਆ ਹੈ | ਲੱਖਾ ਭਰੋਮਜਾਰਾ ਨੇ ਦੱਸਿਆ ਕਿ ਇਹ ਗੀਤ ਵਿਦੇਸ਼ ਗਏ ਇੱਕ ਵਿਅਕਤੀ ਦੇ ਕਿਰਦਾਰ ਨੂੰ ਦਰਸਾਉਂਦਾ ਹੈ | ਵਿਦੇਸ਼ੀ ਵਿਅਕਤੀ ਜਦੋਂ 25 ਸਾਲ ਬਾਅਦ ਆਪਣੇ ਪਿੰਡ ਵਾਪਸ ਪਰਤਦਾ ਹੈ ਤਾਂ ਉਹ ਸੱਥਾਂ ਸੁੰਨੀਆਂ ਵੇਖ ਕੇ ਹੈਰਾਨ ਹੋ ਜਾਂਦਾ ਹੈ, ਖੇਡਾਂ ਦੀ ਜਗ੍ਹਾ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਿਚ ਗਲਤਾਨ ਦੇਖ ਕੇ ਦੁਖੀ ਹੋ ਜਾਂਦਾ ਹੈ ਅਤੇ ਸੋਚਦਾ ਹੈ ਕਿ ਮੇਰਾ ਪਹਿਲਾਂ ਵਾਲਾ ਰੰਗਲਾ ਪੰਜਾਬ ਕਿੱਥੇ ਅਲੋਪ ਹੋ ਗਿਆ ਹੈ | ਇਸ ਗੀਤ ਦੇ ਫਿਲਮਾਂਕਣ ਸਮੇਂ ਲੱਖਾ ਭਰੋਮਜਾਰਾ, ਜੱਥੇਦਾਰ ਤੀਰਥ ਸਿੰਘ, ਸੰਗੀਲਾ ਭਰੋਮਜਾਰਾ ਤੇ ਗੁਰਵਿੰਦਰ ਲਾਡੀ ਆਦਿ ਨੇ ਵੀ ਵਧੀਆ ਰੋਲ ਅਦਾ ਕੀਤਾ ਹੈ | ਲੋਕ ਗਾਇਕ ਲੱਖਾ ਭਰੋਮਜਾਰਾ ਨੇ ਦੱਸਿਆ ਕਿ ਵੀਡੀਓ ਬਣਨ ਉਪਰੰਤ ਇਹ ਗੀਤ ਦਰਸ਼ਕਾਂ ਦੇ ਰੂਬਰੂ ਕੀਤਾ ਜਾਵੇਗਾ | ਇਸ ਗੀਤ ਨੂੰ ਸੁਰਿੰਦਰਪਾਲ ਸੁੰਡਾ ਸਰਪੰਚ ਪਿੰਡ ਭਰੋਮਜਾਰਾ ਆਪਣੇ ਇਟਲੀ ਦੌਰੇ ਤੋਂ ਪਰਤਣ ਉਪਰੰਤ ਜਲਦ ਰਿਲੀਜ ਕਰਨਗੇ | ਲੱਖਾ ਭਰੋਮਜਾਰਾ ਨੇ ਇਸ ਗੀਤ ਨੂੰ ਸਹਿਯੋਗ ਦੇਣ ਲਈ ਬਿੱਟੂ ਕੈਨੇਡਾ, ਬਿਲ ਬਸਰਾ, ਕਮਲ ਕੈਨੇਡਾ ਅਤੇ ਭਿੰਦਾ ਇਟਲੀ ਦਾ ਵਿਸ਼ੇਸ਼ ਧੰਨਵਾਦ ਕੀਤਾ |