ਬੰਗਾ, 27 ਸਤੰਬਰ (ਕੁਲਦੀਪ ਸਿੰਘ ਪਾਬਲਾ)-ਅਮਰਜੀਤ ਸਿੰਘ ਤੇ ਉਸ ਦੀ ਪਤਨੀ ਹਰਦੀਪ ਕੌਰ ਨੇ ਦੱਸਿਆ ਕਿ ਪਿੰਡ ਸਾਹਲੋਂ ਤੋਂ ਪਿੰਡ ਸੂਸਾ, ਸ਼ਾਮ ਚੁਰਾਸੀ, ਆਦਮਪੁਰ ਦੇ ਕੋਲ ਧਾਰਮਿਕ ਅਸਥਾਨ 'ਤੇ ਮੱਥਾ ਟੇਕਣ ਜਾ ਰਹੇ ਸਨ | ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਬੰਗਾ ਤੋਂ ਜੰਡਿਆਲਾ ਪਿੰਡ ਪਹੁੰਚੇ ਤਾਂ ਮਾਹੀ ਗੋਤ ਦੇ ਜਠੇਰਿਆਂ ਨਜਦੀਕ ਪਿੱਛੇ ਤੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮੇਰੇ ਮੋਟਰਸਾਈਕਲ ਪਿੱਛੇ ਬੈਠੀ ਮੇਰੀ ਪਤਨੀ ਦੀ ਬਾਂਹ ਵਿਚੋਂ ਪਰਸ ਖੋਹ ਕੇ ਫ਼ਰਾਰ ਹੋ ਗਏ | ਅਮਰਜੀਤ ਸਿੰਘ ਨੇ ਦੱਸਿਆ ਕਿ ਮੇਰੇ ਜੱਦੀ ਪਿੰਡ ਜੰਡੀ ਸ਼ਾਮ ਚੁਰਾਸੀ ਵਿਚ ਸਾਡੀ ਪ੍ਰਾਪਰਟੀ ਪਈ ਸੀ ਜੋ ਕਿ ਅਸੀਂ ਵੇਚ ਕੇ ਉਸ ਦਾ ਬਿਆਨਾ ਇਕ ਲੱਖ ਰੁਪਏ ਲੈ ਕੇ ਆਏ ਸੀ | ਅਮਰਜੀਤ ਸਿੰਘ ਨੇ ਦੱਸਿਆ ਕਿ ਮੇਰੀ ਭੈਣ ਜਲੰਧਰ ਵਿਖੇ ਰਹਿੰਦੀ ਹੋਣ ਕਰਕੇ ਉਨ੍ਹਾਂ ਨੂੰ ਅਸੀਂ ਥੋੜਾ ਬਹੁਤਾ ਖਰਚਾ ਦੇਣਾ ਤੇ ਮਿਲਣ ਲਈ ਜਾਣਾ ਸੀ | ਉਨ੍ਹਾਂ ਨੇ ਦੱਸਿਆ ਕਿ ਉਸ ਪਰਸ 'ਚ ਇਕ ਲੱਖ ਰੁਪਿਆ ਤੇ ਮੋਬਾਈਲ ਫ਼ੋਨ ਇੰਟਰਨੈਸ਼ਨਲ ਏ. ਟੀ. ਐਮ. ਕਾਰਡ ਤੇ ਹੋਰ ਜ਼ਰੂਰੀ ਕਾਗ਼ਜ਼ਾਤ ਵਿਚ ਸਨ | ਅਮਰਜੀਤ ਸਿੰਘ ਨੇ ਦੱਸਿਆ ਕਿ ਅਸੀਂ ਇਸ ਬਾਰੇ 112 ਨੰਬਰ 'ਤੇ ਫ਼ੋਨ ਕੀਤਾ ਤਾਂ ਪੁਲਿਸ ਦੇ ਕਰਮਚਾਰੀ ਸਾਡੇ ਕੋਲ ਆਏ ਤੇ ਮੌਕਾ ਦੇਖ ਕੇ ਚਲੇ ਗਏ | ਉਨ੍ਹਾਂ ਕਿਹਾ ਕਿ ਅਸੀਂ ਬੰਗਾ ਵਾਲੀ ਸਾਈਡ ਨੂੰ ਵਾਪਸ ਆਉਂਦਿਆਂ ਨੇ ਦੁਕਾਨਾਂ 'ਤੇ ਲੱਗੇ ਕਈ ਸੀ. ਸੀ. ਟੀ. ਵੀ. ਕੈਮਰੇ ਦੀ ਚੈਕਿੰਗ ਕਰਦੇ ਆ ਰਹੇ ਸੀ ਪਰ ਲੁਟੇਰਿਆਂ ਦੀ ਫ਼ੋਟੋ ਸਹੀ ਨਹੀਂ ਦਿਖਾਈ ਦੇ ਰਹੀ ਸੀ | ਉਪਰੰਤ ਉਨ੍ਹਾਂ ਸਦਰ ਥਾਣਾ ਬੰਗਾ ਵਿਖੇ ਇਸ ਸੰਬੰਧੀ ਆਪਣੀ ਸ਼ਿਕਾਇਤ ਦਰਜ ਕਰਵਾਈ | ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਲੁਟੇਰਿਆਂ ਨੂੰ ਜਲਦੀ ਕਾਬੂ ਕੀਤਾ ਜਾਵੇ ਤੇ ਸਾਨੂੰ ਇਨਸਾਫ਼ ਦਵਾਇਆ ਜਾਵੇ |