ਨਵਾਂਸ਼ਹਿਰ, 19 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕਿ੍ਤ ਮੁੜ ਵਸੇਬਾ ਕੇਂਦਰ, ਧਰਮਸ਼ਾਲਾ ਭੁੱਚਰਾਂ, ਰੇਲਵੇ ਰੋਡ ਨਵਾਂਸ਼ਹਿਰ ਵਿਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਮਨਾਇਆ, ਜਿਸ ਦੀ ਪ੍ਰਧਾਨਗੀ ਚਮਨ ਸਿੰਘ (ਪ੍ਰਾਜੈਕਟ ਡਾਇਰੈਕਟਰ) ਵਲੋਂ ਕੀਤੀ ਗਈ | ਇਸ ਮੌਕੇ ਪ੍ਰਾਜੈਕਟ ਡਾਇਰੈਕਟਰ ਨੇ ਇਕੱਠ ਨੂੰ ਸੰਬੋਧਿਤ ਹੁੰਦਿਆਂ ਸਭ ਤੋਂ ਪਹਿਲਾ ਮੁਬਾਰਕਾਂ ਦਿੱਤੀਆਂ | ਉਹਨਾਂ ਕਿਹਾ ਕਿ ਇਹ ਤਿਉਹਾਰ ਸਿੱਖਾਂ ਤੇ ਹਿੰਦੂਆਂ ਦਾ ਸਾਂਝਾ ਤਿਉਹਾਰ ਹੈ | ਉਨ੍ਹਾਂ ਨੇ ਦੀਵਾਲੀ ਦੇ ਇਤਿਹਾਸ ਤੇ ਮਿਥਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਅੱਜ ਅਸੀਂ ਅੰਧਵਿਸ਼ਵਾਸੀ ਬਣਦੇ ਜਾ ਰਹੇ ਹਾਂ ਤੇ ਬਾਜ਼ਾਰ 'ਚ ਭੀੜ ਵੱਧਦੀ ਜਾ ਰਹੀ ਹੈ | ਲੋਕ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਤੇ ਮਿਠਿਆਈਆਂ ਦੀ ਵਰਤੋਂ ਕਰਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ | ਬਾਰੂਦ ਜਲਾ ਕੇ ਵਾਤਾਵਰਨ ਨੂੰ ਦੂਸ਼ਤਿ ਕਰ ਰਹੇ ਹਾਂ | ਆਵਾਜ਼ ਪ੍ਰਦੂਸ਼ਣ ਨਾਲ ਸੁਣਨ ਸ਼ਕਤੀ ਕਮਜ਼ੋਰ ਹੁੰਦੀ ਜਾ ਰਹੀ ਹੈ, ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ | ਔਰਤ ਵਰਗ ਨਾਲ ਜਬਰ ਜਨਾਹ ਦੇ ਮਾਮਲੇ ਵੱਧ ਰਹੇ | ਕਿਰਤੀਆਂ ਦੀ ਹਾਲਤ ਤਰਸਯੋਗ ਹੈ | ਜਾਤ-ਪਾਤ ਨੂੰ ਖਤਮ ਕਰਨ ਲਈ ਸਮਾਜਿਕ ਸਮਾਨਤਾ ਤੇ ਆਰਥਿਕ ਲੁੱਟ ਰੋਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ | ਸਾਨੂੰ ਚਾਹੀਦਾ ਹੈ ਕਿ ਇਸ ਦਿਨ ਨੂੰ ਸਭਾਵਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ | ਸ੍ਰੀਮਤੀ ਕਮਲਜੀਤ, ਕੌਂਸਲਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਮਨਜੀਤ ਸਿੰਘ, ਦਿਨੇਸ਼ ਕੁਮਾਰ, ਕੁਲਵੰਤ ਸਿੰਘ, ਪਰਵੀਨ ਕੁਮਾਰੀ, ਪਰਵੇਸ਼ ਕੁਮਾਰ, ਕਮਲਾ ਰਾਣੀ, ਕੋਮਲਪ੍ਰੀਤ ਕੌਰ ਤੇ ਮਰੀਜ਼ ਹਾਜ਼ਰ ਸਨ |