ਬੰਗਾ, 19 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਭਗਵਾਨ ਮਹਾਂਵੀਰ ਪਬਲਿਕ ਸਕੂਲ ਬੰਗਾ ਦੇ ਵਿਦਿਆਰਥੀਆਂ ਨੇ ਆਪਣੇ ਘਰ ਨੂੰ ਰੌਸ਼ਨ ਕਰਨ ਦੇ ਨਾਲ-ਨਾਲ 31 ਥਾਵਾਂ 'ਤੇ ਜਾ ਕੇ ਦੀਵਾਲੀ ਦੇ ਦੀਵੇ ਜਗਾਏ | ਇਸ ਸਾਲ ਵੀ ਭਗਵਾਨ ਮਹਾਂਵੀਰ ਪਬਲਿਕ ਸਕੂਲ ਬੰਗਾ ਦੀ ਪ੍ਰਬੰਧਕ ਕਮੇਟੀ ਵਲੋਂ ਇਸ ਦੀਵਾਲੀ 'ਤੇ ਇਕ ਵਿਲੱਖਣ ਕੋਸ਼ਿਸ਼ ਕੀਤੀ ਗਈ ਤਾਂ ਜੋ ਬੱਚਿਆਂ 'ਚ ਪਰਉਪਕਾਰ ਅਤੇ ਨਿਰਸਵਾਰਥ ਭਾਵ ਨਾਲ ਸੇਵਾ ਕਰਨ ਦੀ ਭਾਵਨਾ ਜਾਗੇ | ਇਸੇ ਭਾਵਨਾ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਦੇ ਵਿਦਿਆਰਥੀਆਂ ਨੂੰ ਆਪਣੇ ਸਕੂਲ ਦੇ ਨਾਲ-ਨਾਲ 31 ਵੱਖ-ਵੱਖ ਥਾਵਾਂ ਨੂੰ ਰੌਸ਼ਨ ਕਰਨ ਲਈ ਦੀਵਾਲੀ ਮਨਾਉਣ ਭੇਜਿਆ ਗਿਆ | ਸਕੂਲ ਦੇ ਵਿਦਿਆਰਥੀਆਂ ਨੇ ਜਿਥੇ ਇਕ ਪਾਸੇ ਆਪਣੇ ਸਕੂਲ ਨੂੰ ਸੁੰਦਰ ਤੇ ਵਿਲੱਖਣ ਢੰਗ ਨਾਲ ਸਜਾਇਆ, ਉਥੇ ਆਪਣੇ ਖੇਤਰ ਦੇ ਵੱਖ-ਵੱਖ ਥਾਵਾਂ 'ਚ ਵੀ ਦੀਪਮਾਲਾ, ਸਜਾਵਟ ਕੀਤੀ | ਸਕੂਲ ਦੇ ਵਿਦਿਆਰਥੀਆਂ ਦਾ ਇਕ ਸਮੂਹ ਕੁਸ਼ਟ ਆਸ਼ਰਮ ਨਵਾਂਸ਼ਹਿਰ ਪਹੁੰਚਿਆ, ਜਿਥੇ ਉਨ੍ਹਾਂ ਨੇ ਲੋੜਵੰਦ ਲੋਕਾਂ ਨੂੰ ਕੱਪੜੇ, ਮਠਿਆਈਆਂ ਤੇ ਫਲ ਵੰਡੇ ਅਤੇ ਉਹਨਾਂ ਦੇ ਆਸ਼ਰਮ 'ਚ ਇਕ ਸੁੰਦਰ ਰੰਗੋਲੀ ਤਿਆਰ ਕੀਤੀ | ਦੂਜਾ ਸਮੂਹ ਬਿਰਧ ਆਸ਼ਰਮ ਬੰਗਾ ਪਹੁੰਚਿਆ ਜਿਥੇ ਆਪਣੇ ਬੱਚਿਆਂ ਦੀ ਉਡੀਕ ਕਰ ਰਹੇ ਬਜ਼ੁਰਗਾਂ ਦੀਆਂ ਨਮ ਅੱਖਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ, ਬੱਚਿਆਂ ਨੇ ਉਨ੍ਹਾਂ ਨਾਲ ਗੱਲਾਂ ਕੀਤੀਆਂ, ਉਨ੍ਹਾਂ ਨੂੰ ਫਲ, ਮਠਿਆਈਆਂ ਦਿੱਤੀਆਂ | ਸਾਰੇ ਬਜ਼ੁਰਗਾਂ ਨੇ ਵਿਦਿਆਰਥੀਆਂ ਨੂੰ ਪਿਆਰ ਨਾਲ ਆਸ਼ੀਰਵਾਦ ਦਿੱਤਾ | ਇਸ ਦੇ ਨਾਲ-ਨਾਲ ਵਿਦਿਆਰਥੀਆਂ ਦੇ ਵੱਖ-ਵੱਖ ਸਮੂਹ ਬੰਗਾ ਦੇ ਲਕਸ਼ਮੀ ਨਾਰਾਇਣ ਮੰਦਰ, ਸ਼ੀਤਲਾ ਮੰਦਰ, ਸ਼ਿਵ ਮੰਦਰ, ਨੈਨਾ ਦੇਵੀ ਮੰਦਰ, ਵਾਲਮੀਕਿ ਮੰਦਰ, ਰਵਿਦਾਸ ਮੰਦਰ, ਵਿਸ਼ਵਕਰਮਾ ਮੰਦਰ, ਕੱਚਾ ਟੋਬਾ ਮੰਦਰ ਨਵਾਂਸ਼ਹਿਰ, ਰਾਮ ਕੁਟੀਆ ਕਾਹਮਾ ਵਿਚ ਗਏ ਜਿਥੇ ਜਾ ਕੇ ਉਨ੍ਹਾਂ ਨੇ ਸਾਫ਼-ਸਫਾਈ ਕੀਤੀ ਤੇ ਮੰਦਰ ਵਿਚ ਸੁੰਦਰ ਰੰਗੋਲੀ ਤਿਆਰ ਕੀਤੀ | ਇਸੇ ਤਰ੍ਹਾਂ ਵਿਦਿਆਰਥੀਆਂ ਦੇ ਕੁਝ ਸਮੂਹ ਵੱਖ-ਵੱਖ ਗੁਰਦੁਆਰਿਆਂ ਜਿਵੇਂ ਕਿ ਪੰਥ ਮਾਤਾ ਸਾਹਿਬ ਕੌਰ ਜੀ, ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ, ਗੁਰਦੁਆਰਾ ਝੰਡਾ ਜੀ, ਰਾਜਾ ਸਾਹਿਬ ਮਜਾਰਾ, ਤਪੋਵਨ ਸੁੱਜੋਂ ਵਿਚ ਸੇਵਾ ਕਰਨ ਲਈ ਪਹੁੰਚੇ | ਇਨ੍ਹਾਂ ਦੇ ਨਾਲ-ਨਾਲ ਕੁੱਝ ਵਿਦਿਆਰਥੀ ਬੰਗਾ ਤੇ ਨਵਾਂਸ਼ਹਿਰ ਦੇ ਝੁੱਗੀ ਝੌਂਪੜੀਆਂ ਵਿਚ ਰਹਿਣ ਵਾਲੇ ਲੋਕਾਂ ਕੋਲ ਗਏ ਜਿਥੇ ਉਨ੍ਹਾਂ ਨੇ ਉਨ੍ਹਾਂ ਨੂੰ ਕੱਪੜੇ, ਮਠਿਆਈਆਂ ਤੇ ਫਲ ਵੰਡੇ | ਇਸ ਦੇ ਨਾਲ-ਨਾਲ ਸਕੂਲ ਦੇ ਕੁਝ ਸਮੂਹ ਜਨਤਕ ਥਾਵਾਂ 'ਤੇ ਵੀ ਗਏ ਜਿਥੇ ਉਨ੍ਹਾਂ ਨੇ ਗਊਸ਼ਾਲਾ, ਰੇਲਵੇ ਸਟੇਸ਼ਨ ਬੰਗਾ, ਰੇਲਵੇ ਸਟੇਸ਼ਨ ਨਵਾਂਸ਼ਹਿਰ, ਪੁਲਿਸ ਸਟੇਸ਼ਨ ਬੰਗਾ, ਸੁਵਿਧਾ ਕੇਂਦਰ, ਸਿਵਲ ਹਸਪਤਾਲ, ਮਿਉਂਸੀਪਲ ਕਮੇਟੀ ਬੰਗਾ, ਮਿਊਾਸੀਪਲ ਕਾਰਪੋਰੇਸ਼ਨ ਨਵਾਂਸ਼ਹਿਰ, ਪੁਲਿਸ ਸਟੇਸ਼ਨ ਨਵਾਂਸ਼ਹਿਰ, ਪੋਸਟ ਆਫਿਸ, ਬੰਗਾ, ਖਟਕੜ ਕਲਾਂ ਮਿਊਜ਼ੀਅਮ ਆਦਿ 'ਤੇ ਜਾ ਕੇ ਸਾਫ਼-ਸਫਾਈ ਕੀਤੀ ਤੇ ਸਾਰੇ ਥਾਵਾਂ ਨੂੰ ਸੁੰਦਰ ਰੰਗੋਲੀ ਬਣਾਕੇ ਸਜਾਇਆ | ਕੁਝ ਵਿਦਿਆਰਥੀ ਡੀ. ਟੀ. ਓ. ਦਫਤਰ ਨਵਾਂਸ਼ਹਿਰ ਗਏ ਜਿਥੇ ਉਨ੍ਹਾਂ ਨੇ ਬਹੁਤ ਸੁੰਦਰ ਰੰਗੋਲੀ ਬਣਾਈ | ਉਥੇ ਮੌਜੂਦ ਡੀ. ਸੀ. ਨੇ ਵਿਦਿਆਰਥੀਆਂ ਦੇ ਸੇਵਾ ਭਾਵ ਨਾਲ ਕੀਤੇ ਇਸ ਕੰਮ ਦੀ ਪ੍ਰਸ਼ੰਸਾ ਕੀਤੀ | ਸਕੂਲ ਦੇ ਮੈਨੇਜਰ ਕੇਸ਼ਵ ਜੈਨ ਪਿ੍ੰਸੀਪਲ ਕੇ. ਵਸੁਧਾ ਜੈਨ ਨੇ ਸਾਰੇ ਵਿਦਿਆਰਥੀਆਂ ਨੂੰ ਦੀਵਾਲੀ, ਵਿਸ਼ਵਕਰਮਾ ਦਿਵਸ ਤੇ ਭਾਈ ਦੂਜ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ |
ਬੀ. ਐੱਮ. ਪੀ. ਐੱਸ. ਬੰਗਾ ਦੇ ਵਿਦਿਆਰਥੀਆਂ ਨੇ ਸਕੂਲ ਦੇ 31 ਸਾਲ ਪੂਰੇ ਹੋਣ 'ਤੇ 31 ਵੱਖ-ਵੱਖ ਥਾਵਾਂ 'ਤੇ ਮਨਾਈ ਦੀਵਾਲੀ
ਅਜੀਤ ਡੈਸਕ
20-10-2025