ਅਮਰੀਕਾ ਦੁਨੀਆਂ ਨੂੰ ਆਰਥਿਕ ਤੌਰ 'ਤੇ ਗੁਲਾਮ ਬਣਾਉਣਾ ਚਾਹੁੰਦੈ -ਕਾ. ਸੇਖੋਂ
ਅਜੀਤ ਡੈਸਕ
20-10-2025
ਬੰਗਾ, 19 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੀ.ਪੀ.ਆਈ.ਐਮ ਦੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਬੰਗਾ ਵਿਖੇ ਕਾਮਰੇਡ ਹਰਬੰਸ ਸਿੰਘ ਮੰਢਾਲੀ ਹਾਲ ਵਿਖੇ ਜ਼ਿਲ੍ਹਾ ਪੱਧਰੀ ਸਕੂਲਿੰਗ ਵਿੱਚ ਬੋਲਦਿਆਂ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਅਮਰੀਕਾ ਦੁਨੀਆਂ ਨੂੰ ਆਰਥਿਕ ਤੌਰ 'ਤੇ ਗੁਲਾਮ ਬਣਾਉਣਾ ਚਾਹੁੰਦਾ ਹੈ | ਸਾਥੀ ਸੇਖੋਂ ਨੇ ਕੌਮਾਤਰੀ ਹਾਲਾਤ 'ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਅੱਗੇ ਕਿਹਾ ਕਿ ਮੋਦੀ ਸਰਕਾਰ ਫਾਸੀਵਾਦੀ ਨੀਤੀਆਂ ਅਪਣਾ ਰਹੀ ਹੈ | ਉਹਨਾਂ ਕਿਹਾ ਕਿ ਭਾਜਪਾ ਭਾਰਤ ਦੇ ਸੰਵਿਧਾਨ ਨੂੰ ਖਤਮ ਕਰਕੇ ਆਰ. ਐਸ. ਐਸ. ਦਾ ਏਜੰਡਾ ਲਾਗੂ ਕਰਨਾ ਚਾਹੁੰਦੀ ਹੈ | ਇਸ ਲਈ ਸਾਨੂੰ ਵਿਚਾਰਧਾਰਕ ਲੜਾਈ ਨੂੰ ਤੇਜ਼ ਕਰਨਾ ਹੋਵੇਗਾ | ਸਾਥੀ ਸੇਖੋਂ ਨੇ ਸੀ.ਪੀ.ਆਈ.ਐਮ ਦੇ ਪਾਰਟੀ ਪ੍ਰੋਗਰਾਮ ਬਾਰੇ ਵੀ ਦੱਸਿਆ |
ਉਹਨਾਂ ਕਿਹਾ ਕਿ ਸੀ. ਪੀ. ਆਈ. ਐੱਮ. ਨੇ ਭਾਰਤ ਦੇ ਠੋਸ ਹਾਲਾਤਾਂ ਮੁਤਾਬਿਕ ਠੀਕ ਫੈਸਲਾ ਲੈ ਕੇ 1964 ਵਿੱਚ ਪ੍ਰੋਗਰਾਮ ਬਣਾਇਆ ਸੀ | ਜੋ ਅੱਜ ਵੀ ਠੀਕ ਸਿੱਧ ਹੋਇਆ ਹੈ | ਉਨਾਂ ਕਿਹਾ ਕਿ ਹਰ ਪਾਰਟੀ ਮੈਂਬਰ ਨੂੰ ਪਾਰਟੀ ਪ੍ਰੋਗਰਾਮ ਪੜ੍ਹਨਾ ਜਰੂਰੀ ਹੈ | ਸੂਬਾ ਕਮੇਟੀ ਮੈਂਬਰ ਸਾਥੀ ਹਰਭਜਨ ਸਿੰਘ ਨੇ ਸਕੂਲ ਦੇ ਸ਼ੁਰੂ ਵਿੱਚ ਪਾਰਟੀ ਵਿਦਿਆ ਦਿੱਤੀ | ਇਸ ਮੌਕੇ 'ਤੇ ਸੂਬਾ ਕਮੇਟੀ ਮੈਂਬਰ ਰਾਮ ਸਿੰਘ ਨੂਰਪੁਰੀ ਅਤੇ ਜ਼ਿਲ੍ਹਾ ਸਕੱਤਰ ਸਾਥੀ ਚਰਨਜੀਤ ਸਿੰਘ ਦੌਲਤਪੁਰ ਹਾਜ਼ਰ ਸਨ |