ਕਟਾਰੀਆਂ, 1 ਨਵੰਬਰ (ਪ੍ਰੇਮੀ ਸੰਧਵਾਂ) - ਸਰਕਾਰੀ ਆਈ. ਟੀ. ਆਈਜ਼ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ 'ਚ ਸੂਬਾ ਕਮੇਟੀ ਮੈਂਬਰਾਂ ਵਲੋਂ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਗਿਆ | ਸੂਬਾ ਕਮੇਟੀ ਮੈਂਬਰਾਂ ਨੇ ਕਿਹਾ ਕਿ ਅਸੀਂ ਪਿਛਲੇ 15- 16 ਸਾਲਾਂ ਤੋਂ ਪੰਜਾਬ ਦੀਆਂ ਸਰਕਾਰੀ ਆਈ. ਟੀ. ਆਈਜ਼ ਵਿੱਚ ਕਰਾਫਟ ਇੰਸਟਰੱਕਟਰ ਵਜੋਂ ਬਿਨਾ ਕਿਸੇ ਸਰਕਾਰੀ ਸਹੂਲਤਾਂ ਤੋਂ ਠੇਕੇ ਉਪਰ ਸਿਰਫ 15 ਹਜ਼ਾਰ ਰੁਪਏ ਪ੍ਰਤੀ ਮਹੀਨੇ 'ਤੇ ਆਪਣਾ ਸ਼ੋਸ਼ਣ ਕਰਵਾ ਰਹੇ ਹਾਂ | ਉਨ੍ਹਾਂ ਕਿਹਾ ਕਿ ਸਾਡੀ ਭਰਤੀ ਵਿਭਾਗਾਂ ਵਲੋਂ ਸਮੇਂ- ਸਮੇਂ ਉਪਰ ਜਾਰੀ ਹਦਾਇਤਾਂ ਰਾਹੀਂ ਪਾਰਦਰਸ਼ੀ ਢੰਗ ਨਾਲ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਰੁਜ਼ਗਾਰ ਦਫ਼ਤਰਾਂ ਰਾਹੀਂ ਕੀਤੀ ਗਈ | ਅਸੀਂ ਡੀ. ਜੀ. ਟੀ ਭਾਰਤ ਸਰਕਾਰ ਵਲੋਂ ਮੰਗੀਆਂ ਜਾਂਦੀਆਂ ਸਾਰੀਆਂ ਵਿੱਦਿਅਕ ਯੋਗਤਾਵਾਂ ਪੂਰੀਆਂ ਕਰਦੇ ਹਾਂ | ਪਰ ਫਿਰ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਭਾਰਤ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 6 ਨਵੰਬਰ ਨੂੰ ਤਰਨ ਤਾਰਨ ਸਾਹਿਬ ਵਿਖੇ ਸੰਘਰਸ਼ ਕੀਤਾ ਜਾਵੇਗਾ ਤੇ ਜੇਕਰ ਲੋੜ ਪਈ ਤਾਂ ਆਪ ਦੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਘਰ ਦਿੱਲੀ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਜਰਨੈਲ ਸਿੰਘ, ਸਤੀਸ਼ ਕੁਮਾਰ, ਓਮ ਪ੍ਰਕਾਸ਼, ਕੁਲਦੀਪ ਕੁਮਾਰ, ਮੈਡਮ ਨੇਹਾ, ਬਲਵੀਰ ਕੌਰ, ਹਰਿੰਦਰ ਸਿੰਘ ਆਦਿ ਹਾਜ਼ਰ ਸਨ |