ਨਵਾਂਸ਼ਹਿਰ, 1 ਨਵੰਬਰ (ਜਸਬੀਰ ਸਿੰਘ ਨੂਰਪੁਰ)-ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕਿ੍ਤ ਮੁੜ ਵਸੇਬਾ ਕੇਂਦਰ ਵੱਲੋਂ ਸ਼੍ਰੀ ਵਿਸ਼ਵਕਰਮਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਦੀ ਪ੍ਰਧਾਨਗੀ ਰਜਨੀਸ਼ ਕੁਮਾਰੀ ਪਿ੍ੰਸੀਪਲ ਨੇ ਕੀਤੀ | ਚਮਨ ਸਿੰਘ ਵੱਲੋਂ 'ਨਸ਼ਾ ਮੁਕਤ ਭਾਰਤ ਅਭਿਆਨ' ਅਤੇ 'ਯੁੱਧ ਨਸ਼ਿਆਂ ਵਿਰੁੱਧ' ਵਿਸ਼ੇ 'ਤੇ ਚਰਚਾ ਕਰਦਿਆਂ ਕਿਹਾ ਕਿ ਪੰਜਾਬ ਸਮੇਤ ਪੂਰਾ ਭਾਰਤ ਨਸ਼ਿਆਂ ਦੀ ਲਪੇਟ ਵਿੱਚ ਆਇਆ ਹੋਇਆ ਹੈ, ਜਿਸ ਤਹਿਤ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ | ਪੰਜਾਬ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਜੋ ਕਿ ਨਸ਼ਾ ਮੁਕਤੀ ਲਈ ਕੰਮ ਕਰ ਰਹੀਆਂ ਹਨ, ਪਰ ਅਜੇ ਵੀ ਹੋਰ ਜ਼ਿਆਦਾ ਕੰਮ ਕਰਨ ਦੀ ਲੋੜ ਹੈ | ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆਉਣਗੀਆਂ ਪਰ ਉਹ ਆਪਣੇ ਮਾਤਾ-ਪਿਤਾ ਜਾਂ ਅਧਿਆਪਕਾਂ ਨਾਲ ਸਾਂਝੀਆਂ ਕਰਨ | ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਨੂੰ ਸਕੂਲ ਦੀ ਪੜ੍ਹਾਈ ਦੇ ਨਾਲ-ਨਾਲ ਨਸ਼ੇ ਦੇ ਪ੍ਰਤੀ ਵੀ ਜਾਗਰੂਕ ਕਰਨ ਤਾਂ ਕਿ ਬੱਚਿਆ ਨੂੰ ਨਸ਼ੇ ਤੋਂ ਦੂਰ ਰੱਖਿਆ ਜਾ ਸਕੇ | ਇਸ ਤੋਂ ਇਲਾਵਾ ਉਹਨਾਂ ਵੱਲੋਂ ਅੱਜ ਨਿਊ ਪੰਜਾਬ ਦਿਵਸ 1 ਨਵੰਬਰ ਬਾਰੇ ਵੀ ਗੱਲਬਾਤ ਕੀਤੀ | ਪਰਵੇਸ਼ ਕੁਮਾਰ ਨੇ ਮਰੀਜ਼ਾਂ ਦੇ ਇਲਾਜ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਕਿ ਕੋਈ ਵੀ ਨਸ਼ੇ ਦਾ ਆਦੀ ਵਿਅਕਤੀ ਆਪਣੀ ਇੱਛਾ ਅਨੁਸਾਰ ਇੱਕ ਮਹੀਨਾ ਦਾਖਿਲ ਰਹਿ ਕੇ ਮੁਫ਼ਤ ਇਲਾਜ ਕਰਵਾ ਸਕਦਾ ਹੈ, ਕਿਉਂਕਿ ਨਸ਼ਾ ਘਰ ਰਹਿ ਕੇ ਨਹੀਂ ਛੱਡਿਆ ਜਾ ਸਕਦਾ, ਨਸ਼ੇ ਨੂੰ ਛੱਡਣ ਲਈ ਮਨੋਰੋਗਾਂ ਦੇ ਮਾਹਿਰ ਡਾਕਟਰ ਅਤੇ ਨਸ਼ਾ ਛਡਾਓ ਕੇਂਦਰਾਂ ਤੱਕ ਪਹੁੰਚ ਕਰਨੀ ਜ਼ਰੂਰੀ ਹੈ | ਇਸ ਮੌਕੇ 'ਤੇ ਰਜਨੀਸ਼ ਕੁਮਾਰੀ ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਆਈ ਹੋਈ ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ ਅਤੇ ਉਹਨਾਂ ਵੱਲੋਂ ਦੱਸੇ ਗਏ ਸੁਝਾਵਾਂ ਨੂੰ ਜ਼ਿੰਦਗੀ ਵਿੱਚ ਅਮਲ ਵਿੱਚ ਲਿਆਉਣ ਦੀ ਗੱਲ ਵੀ ਆਖੀ | ਇਸ ਮੌਕੇ 'ਤੇ ਸਕੂਲ ਸਟਾਫ਼ ਮੈਂਬਰ ਇੰਦਰਜੀਤ ਸਿੰਘ ਸਕੂਲ ਪ੍ਰਧਾਨ, ਸ਼ਾਂਤਾ ਸ਼ਰਮਾ, ਰਮਨਦੀਪ, ਮੁਸਕਾਨ, ਪੂਜਾ, ਰਾਜਪ੍ਰੀਤ, ਰੇਨੂੰ, ਮੀਨੂੰ, ਹਰਬੰਸ ਕੌਰ, ਮਾਇਆ ਦੇਵੀ, ਦੀਪਕ ਕੁਮਾਰ, ਅਤੁੱਲ ਗੌਤਮ, ਰਾਜੇਸ਼ ਕੁਮਾਰ ਅਤੇ ਵਿਦਿਆਰਥੀ ਹਾਜ਼ਰ ਸਨ |