ਸੜੋਆ, 1 ਨਵੰਬਰ (ਹਰਮੇਲ ਸਹੂੰਗੜਾ) - ਗੁਰੂ ਰਾਮਦਾਸ ਗੁਰਮਤਿ ਸੇਵਾ ਸੁਸਾਇਟੀ ਪਿੰਡ ਕਿਸ਼ਨਪੁਰਾ ਭਰਥਲਾ ਅਤੇ ਬਾਜ਼ ਖਾਲਸਾ ਗੱਤਕਾ ਕਲੱਬ ਰੋਪੜ ਵਲੋਂ ਦੂਸਰਾ ਵਿਰਸਾ ਸੰਭਾਲ ਗੁਰਮਤਿ ਮੁਕਾਬਲਾ ਗੁਰਦੁਆਰਾ ਸਿੰਘ ਸਭਾ ਪਿੰਡ ਕਿਸ਼ਨਪੁਰਾ ਜ਼ਿਲ੍ਹਾ ਰੋਪੜ ਵਿਖੇ ਕਰਵਾਇਆ ਗਿਆ | ਜਿਸ 'ਚ ਇਲਾਕੇ ਦੇ ਪਿੰਡਾਂ 'ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਿਆ ਲੈ ਰਹੇ, ਕੀਰਤਨ ਸਿੱਖ ਰਹੇ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਦੇ ਨਾਲ-ਨਾਲ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ | ਜਿਸ ਵਿੱਚ ਕਈ ਪਿੰਡਾਂ ਦੇ ਬੱਚਿਆਂ ਨੇ ਭਾਗ ਲਿਆ | ਇਸ ਮੁਕਾਬਲੇ ਵਿੱਚ ਇਲਾਕੇ ਦੇ ਨਾਮਵਰ ਪਿੰਡ ਸਹੂੰਗੜਾ ਦੇ ਬੱਚੇ ਜੋ ਕਰੀਬ ਇਕ ਮਹੀਨੇ ਤੋਂ ਹੀ ਇਸ ਪਾਸੇ ਵੱਲ ਆਏ ਸਨ ਨੇ ਵੀ ਪੂਰੇ ਉਤਸ਼ਾਹ ਨਾਲ ਭਾਗ ਲਿਆ ਤੇ ਪਹੁੰਚੀਆਂ ਸੰਗਤਾਂ 'ਚ ਆਪਣੀ ਵੱਖਰੀ ਛਾਪ ਛੱਡੀ | ਪਿੰਡ ਸਹੂੰਗੜਾ ਤੋਂ ਆਏ ਬੱਚਿਆਂ ਨੇ ਸਿੱਖ ਇਤਿਹਾਸ ਦੇ ਨਾਲ-ਨਾਲ ਗੁਰਬਾਣੀ ਕੰਠ ਮੁਕਾਬਲਿਆਂ 'ਚ ਹਿੱਸਾ ਲਿਆ | ਜਿਸ 'ਚ ਬੱਚੀ ਕਿਰਨਦੀਪ ਕੌਰ ਪੁੱਤਰੀ ਰਛਵਿੰਦਰ ਸਿੰਘ ਲੱਡੂ (ਉਕਤ ਬੱਚੀ ਦੀ ਮਾਂ ਕੁੱਝ ਸਮਾਂ ਪਹਿਲਾਂ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ) ਨੇ ਦਸ ਸਾਲ ਦੇ ਬੱਚਿਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਆਏ ਹੋਏ ਬਾਕੀ ਬੱਚਿਆਂ ਨੇ ਵੀ ਇਤਿਹਾਸ ਸੁਣਾ ਕੇ ਇਨਾਮ ਪ੍ਰਾਪਤ ਕੀਤੇ | ਇਹ ਸਾਰੀ ਸੇਵਾ ਕੈਨੇਡਾ ਤੋਂ ਗੁਰੂਘਰ ਦੇ ਮਹਾਨ ਸੇਵਾਦਾਰ ਭਾਈ ਲਖਵੀਰ ਸਿੰਘ ਨਿਭਾ ਰਹੇ ਹਨ | ਜੋ ਕਿ ਆਪਣੇ ਪਿੰਡ ਦੇ ਬੱਚਿਆਂ ਨੂੰ ਨਸ਼ਿਆਂ ਦੀ ਮਾਰੂ ਬਿਮਾਰੀ ਤੋਂ ਬਚਾਉਣ ਦਾ ਉਪਰਾਲਾ ਕਰਨ ਦੇ ਨਾਲ-ਨਾਲ ਬੱਚਿਆਂ ਦੇ ਮਨਾਂ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਤਿਕਾਰ ਦੀ ਭਾਵਨਾ ਵੀ ਪੈਦਾ ਕਰ ਰਹੇ ਹਨ | ਭਾਈ ਸਾਹਿਬ ਲਖਵੀਰ ਸਿੰਘ ਕੈਨੇਡਾ ਨਿਵਾਸੀ ਦੇ ਇਸ ਉਪਰਾਲੇ ਨਾਲ ਬੱਚਿਆਂ ਦੀ ਜ਼ਿੰਦਗੀ ਵਿੱਚ ਇਕ ਨਵਾਂ ਅਧਿਆਇ ਆਉਣ ਤੋਂ ਕੋਈ ਨਹੀਂ ਰੋਕ ਸਕਦਾ | ਇਸ ਕਾਰਜ ਨੂੰ ਸਿਰੇ ਚਾੜ੍ਹਨ 'ਚ ਟ੍ਰੇਨਰ ਦੇ ਤੌਰ 'ਤੇ ਭਾਈ ਹਰਜਿੰਦਰ ਸਿੰਘ ਵਲੋਂ ਅਣਥੱਕ ਮਿਹਨਤ ਕਰਦਿਆਂ ਆਪਣੀਆਂ ਵਡਮੁੱਲੀਆਂ ਸੇਵਾਵਾਂ ਪ੍ਰਦਾਨ ਕੀਤੀਆਂ | ਇਸ ਉਪਰਾਲੇ ਵਿੱਚ ਭਾਈ ਲਖਵੀਰ ਸਿੰਘ ਦੇ ਨਾਲ ਪਿੰਡ ਸਹੂੰਗੜਾ ਤੋਂ ਗੁਰੂਘਰ ਦੇ ਹੋਰ ਸੇਵਾਦਾਰਾਂ ਸਮੇਤ ਗ੍ਰੰਥੀ ਤੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਜਥੇਦਾਰ ਪਿਆਰਾ ਸਿੰਘ ਅਤੇ ਗਿਆਨੀ ਜੁਝਾਰ ਸਿੰਘ, ਗੁਰਦੇਵ ਸਿੰਘ ਬਿੰਦਰਾ, ਜਗਦੀਸ਼ ਜਾਂਗੜਾ ਅਤੇ ਬਾਬਾ ਰਣਜੀਤ ਸਿੰਘ ਨਿਹੰਗ ਸਿੰਘ ਵੀ ਵੱਧ ਚੜ੍ਹ ਕੇ ਸਹਿਯੋਗ ਦੇ ਰਹੇ ਹਨ |