ਸੜੋਆ, 18 ਦਸੰਬਰ (ਹਰਮੇਲ ਸਹੂੰਗੜਾ)-ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪਿੰਡਾਂ ਅਤੇ ਕਸਬਿਆਂ ਨੂੰ ਸਿਹਤ ਸੇਵਾਵਾਂ ਦੇਣ ਲਈ ਵੱਡੇ-ਵੱਡੇ ਦਾਅਵੇ ਕਰਦੇ ਥੱਕਦੇ ਨਹੀਂ ਅਤੇ ਸਿਹਤ ਵਿਭਾਗ ਵੱਲੋਂ ਸੀ.ਐਚ.ਸੀ ਸੜੋਆ ਵਿਖੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਐਕਸਰੇ ਵਿਭਾਗ ਜੋ ਕਿ ਪਿਛਲੇ ਪੰਜ ਸੱਤ ਦਿਨਾਂ ਤੋਂ ਬੰਦ ਹੋਣ ਕਰਕੇ ਹਸਪਤਾਲਾਂ 'ਚ ਐਕਸਰਾ ਕਰਾਉਣ ਆ ਰਹੇ ਮਰੀਜ਼ਾਂ ਨੂੰ ਐਕਸਰੇ ਵਿਭਾਗ 'ਚ ਕਰਮਚਾਰੀ ਨਾ ਮਿਲਣ ਕਰਕੇ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੋ ਐਕਸਰੇ ਵਿਭਾਗ ਵਿੱਚ ਤੈਨਾਤ ਵਿਅਕਤੀ ਸੀ, ਉਹ ਕਿਸੇ ਨਿੱਜੀ ਕਾਰਨਾਂ ਕਰਕੇ ਲੰਬੀ ਛੁੱਟੀ 'ਤੇ ਚਲਾ ਗਿਆ ਹੈ ਅਤੇ ਉਸੇ ਦਿਨ ਤੋਂ ਐਕਸਰਾ ਵਿਭਾਗ ਦੇ ਕਮਰੇ ਨੂੰ ਤਾਲਾ ਲਗਾ ਦਿੱਤਾ ਗਿਆ ਹੈ | ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਅਤੇ ਪੰਜਾਬ ਦਾ ਸਿਹਤ ਮੰਤਰੀ ਇਸ ਜ਼ਿਲ੍ਹੇ ਨਾਲ ਸਬੰਧ ਹੋਣ ਕਰਕੇ ਉਹ ਵੀ ਧਿਆਨ ਨਹੀਂ ਦੇ ਰਹੇ | ਭਾਵੇਂ ਹੀ ਸਰਕਾਰ ਨਿੱਤ ਇਹ ਕਹਿ ਰਹੀ ਹੈ ਕਿ ਪੰਜਾਬ ਵਿੱਚ ਸਿਹਤ ਸਹੂਲਤਾਂ ਚੰਗੀਆਂ ਦਿੱਤੀਆਂ ਜਾ ਰਹੀਆਂ ਹਨ, ਇੱਕ ਪਾਸੇ ਲੰਬੀ ਛੁੱਟੀ ਗਏ ਕਰਮਚਾਰੀ ਦੀ ਥਾਂ ਨਵਾਂ ਕਰਮਚਾਰੀ ਭੇਜਣ ਲਈ ਕੰਨੀ-ਕਤਰਾ ਰਹੇ ਹਨ | ਇਲਾਕੇ ਦੇ ਕੁਝ ਮੋਹਤਬਰਾਂ ਵਿਅਕਤੀਆਂ ਨੇ ਸਿਵਲ ਸਰਜਨ ਨਵਾਂਸ਼ਹਿਰ ਤੋਂ ਮੰਗ ਕੀਤੀ ਹੈ ਕਿ ਐਕਸਰੇ ਵਿਭਾਗ ਵਿੱਚ ਤੁਰੰਤ ਐਕਸਰੇ ਕਰਨ ਵਾਲੇ ਨੂੰ ਭੇਜਿਆ ਜਾਵੇ ਤਾਂ ਜੋ ਆਉਣ ਵਾਲੇ ਮਰੀਜ਼ ਖੱਜਲ-ਖੁਆਰ ਨਾ ਹੋ ਸਕਣ |