ਰਾਹੋਂ, 18 ਦਸੰਬਰ (ਉਂਕਾਰ ਸਿੰਘ ਰਾਠੋਰ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਦੀ ਸਮੁੱਚੀ ਟੀਮ ਕਰਨੈਲ ਸਿੰਘ ਜਨਰਲ ਸਕੱਤਰ ਤੇ ਰਿਟਾਇਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਅਗਵਾਈ ਵਿੱਚ ਕਲੱਬ ਦੇ ਉਦੇਸ਼ ਨੌਜਵਾਨ ਪੀੜੀ ਨੂੰ ਸਮਾਜਿਕ ਕੁਰੀਤੀਆਂ ਅਤੇ ਘਾਤਕ ਨਸ਼ਿਆਂ ਤੋਂ ਬਚਾਉਣ ਤੇ ਨਰੋਆ ਤੇ ਸਿਹਤਮੰਦ ਸਮਾਜ ਸਿਰਜਣ ਤੇ ਵਿਦਿਆਰਥੀਆਂ ਨੂੰ ਖੇਡਾਂ ਤੇ ਵਿੱਦਿਆ ਵੱਲ ਵਿਸ਼ੇਸ਼ ਧਿਆਨ ਦੇਣ ਹਿੱਤ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਰਾਹੋਂ ਲੜਕੇ ਆਦਰਸ਼ ਬਾਲ ਵਿਦਿਆਲਿਆ ਮਾਡਲ ਸਕੂਲ ਰਾਹੋਂ ਦੇ ਹੋਣਹਾਰ ਵਿਦਿਆਰਥੀਆਂ ਤੇ ਖਿਡਾਰੀਆਂ ਤੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਰਨੈਲ ਸਿੰਘ ਨੇ ਕਿਹਾ ਕਿ ਅੱਜ ਦੇ ਵਿਦਿਆਰਥੀ ਕੱਲ ਦੇ ਸਾਡੇ ਦੇਸ਼ ਦਾ ਭਵਿੱਖ ਹਨ | ਬੱਚਿਆਂ ਨੂੰ ਖੇਡਾਂ ਤੇ ਵਿਦਿਆ ਵੱਲ ਧਿਆਨ ਕੇਂਦਰਤ ਕਰਨ ਲਈ ਕਿਹਾ ਤੇ ਸਮਾਜ 'ਚ ਪਿਆਰ ਤੇ ਸਤਿਕਾਰ ਨਾਲ ਰਹਿਣ ਤੇ ਸਖਤ ਮਿਹਨਤ ਕਰਨ ਲਈ ਕਿਹਾ ਤਾਂ ਜ਼ੋ ਅਗਲੇ ਸਮੇਂ ਵਿੱਚ ਇੱਕ ਵਧੀਆ ਨਾਗਰਿਕ ਬਣ ਕੇ ਸਮਾਜ ਤੇ ਦੇਸ਼ ਦੀ ਸੇਵਾ ਕਰ ਸਕੋ | ਇਸ ਮੌਕੇ ਪਿ੍ਸੀਪਲ ਸੁਦਰਸ਼ਨ ਜੈਨ ਨੇ ਕਲੱਬ ਦੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਜੀ ਆਇਆ ਕਿਹਾ | ਕਲੱਬ ਨਾਲ ਚੱਲਣ ਤੇ ਬੱਚਿਆਂ ਨੂੰ ਕਲੱਬ ਦੇ ਪ੍ਰੋਗਰਾਆਂ ਵਿੱਚ ਵੱਧ ਤੋ ਵੱਧ ਜੋੜਨ ਦਾ ਵਾਅਦਾ ਕੀਤਾ | ਇਸ ਸਕੂਲ ਦੇ ਹੋਣਹਾਰ ਵਿਦਿਆਰਥੀ ਵਿਦਿਆ ਤੇ ਖੇਡਾਂ 'ਚ ਮੱਲਾ ਮਾਰਨ ਵਾਲਿਆਂ ਤੇ ਮਾਣਯੋਗ ਅਧਿਆਪਕਾਂ ਦਾ ਮੈਡਲ ਤੇ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ | ਇਸੇ ਤਰਾਂ ਸੀਨੀਅਰ ਸੈਕਡਰੀ ਸਕੂਲ ਵਿਖੇ ਜੋਗੇਸ਼ ਕੁਮਾਰ ਦੀ ਅਗਵਾਈ ਵਿੱਚ ਸਕੂਲ ਦੇ ਟਾਪਰ ਵਿਦਿਆਰਥੀ, ਖੇਡਾਂ ਅਤੇ ਪ੍ਰੇਡ ਟੀਮ ਤੇ ਵਿਸ਼ੇਸ਼ ਤੌਰ 'ਤੇ ਡੀ.ਪੀ ਮੈਡਮ ਮੀਨਾ ਰਾਣੀ ਦਾ ਸਨਮਾਨ ਕੀਤਾ ਗਿਆ | ਸਮਾਗਮ ਨੂੰ ਨਰਿੰਦਰ ਚਾਹਲ ਪ੍ਰਧਾਨ, ਸਤਪਾਲ ਜੇ.ਈ ਸਾਹਿਬ, ਜੋਗਿੰਦਰ ਪਾਲ ਮੈਨੇਜਰ, ਰਾਮ ਸਾਹਿਲ ਨੇ ਸੰਬੋਧਨ ਕੀਤਾ ਤੇ ਕਿਹਾ ਰਾਹੋਂ ਦੇ ਸਕੂਲਾਂ ਵਿੱਚ ਅਗਲੇ ਸਾਲ ਮੈਰਿਟ ਵਿਚ ਆਏ ਤੇ ਸਟੇਟ ਖਿਡਾਰੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤੇ ਜਾਣਗੇ |