ਬਹਿਰਾਮ, 20 ਦਸੰਬਰ (ਨਛੱਤਰ ਸਿੰਘ ਬਹਿਰਾਮ) -ਧੁੰਦ ਦਾ ਸਮਾਂ ਸ਼ੁਰੂ ਹੁੰਦਿਆਂ ਹੀ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ | ਸੜਕੀ ਵਿਭਾਗ ਨੂੰ ਤਕਰੀਬਨ ਹਰ ਸੜਕ ਚਾਹੇ ਉਹ ਲਿੰਕ ਵੀ ਕਿਉਂ ਨਾ ਹੋਵੇ ਉਸਦੇ ਵਿਚਕਾਰ ਅਤੇ ਸਾਈਡਾਂ 'ਤੇ ਚਿੱਟੀ ਪੱਟੀ ਧੁੰਦ ਦੇ ਸੀਜਨ ਤੋਂ ਪਹਿਲਾਂ ਹੀ ਗੂੜੀ ਕਰ ਦੇਣੀ ਚਾਹੀਦੀ ਹੈ ਤਾਂ ਜੋ ਵਾਹਨ ਚਾਲਕ ਨੂੰ ਧੁੰਦ ਦੇ ਦਿਨਾਂ 'ਚ ਕੋਈ ਸਮੱਸਿਆ ਨਾ ਆਵੇ | ਇਹ ਸ਼ਬਦ ਸਮਾਜ ਸੇਵਕ ਚਰਨਜੀਤ ਸਿੰਘ ਰੰਧਾਵਾ ਤੇ ਇਕਬਾਲ ਸਿੰਘ ਸੰਧੂ ਨੇ ਆਖੇ | ਉਨ੍ਹਾਂ ਕਿਹਾ ਕਿ ਧੁੰਦ ਕਾਰਨ ਹਾਈਵੇ 'ਤੇ ਨਿੱਤ ਹਾਦਸੇ ਵਾਪਰਦੇ ਹਨ ਮਹਿਕਮੇ ਨੂੰ ਘੱਟੋ-ਘੱਟ ਟੋਲ ਪਲਾਜ਼ੇ ਤੋਂ ਬਹਿਰਾਮ ਪੁਲ ਤੱਕ ਲਾਈਟਾਂ ਲਗਾਉਣੀਆਂ ਚਾਹੀਦੀਆਂ ਹਨ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ | ਉਨ੍ਹਾਂ ਕਿਹਾ ਕਿ ਫਗਵਾੜਾ ਸਾਈਡ ਤੋਂ ਜਦੋਂ ਵਾਹਨ ਤੇਜ ਆਉਦੇ ਹਨ ਤਾਂ ਧੁੰਦ ਕਾਰਨ ਸਿੱਧੇ ਪੁਲ ਦੇ ਸ਼ੁਰੂ ਹੋਣ ਕੋਲ ਰੱਖੇ ਬੈਰੀਕੇਡਰਾਂ ਵਿੱਚ ਆ ਵਜਦੇ ਹਨ | ਜਿਸ ਨਾਲ ਵਾਹਨ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਧੀਮੀ ਗਤੀ ਨਾਲ ਚੱਲ ਰਿਹਾ ਉਕਤ ਪੁਲ ਦਾ ਕੰਮ ਪਤਾ ਨਹੀਂ ਕਦੋਂ ਨਿਪਰੇ ਚੜੇ੍ਹਗਾ | ਉਨ੍ਹਾਂ ਆਪਣੀ ਗੱਲਬਾਤ ਜਾਰੀ ਰੱਖਦਿਆਂ ਹੋਰ ਕਿਹਾ ਕਿ ਜੇ ਮਾਹਿਲਪੁਰ ਚੌਂਕ ਦੀ ਗੱਲ ਕਰੀਏ ਤਾਂ ਇਸ ਨੂੰ ਪਾਰ ਕਰਨ ਲਈ ਵਿਚਕਾਰ ਦੀਵਾਰ ਬਣਨੀ ਚਾਹੀਦੀ ਹੈ ਕਿਉਕਿ ਪਤਾ ਹੀ ਨਹੀਂ ਲੱਗਦਾ ਕਿ ਕਿਸ ਵਾਹਨ ਨੇ ਕਿਧਰ ਨੂੰ ਜਾਣਾ ਜਾਂ ਕਿਧਰੋਂ ਆ ਰਿਹਾ ਹੈ | ਇਥੇ ਵੀ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ | ਸਬੰਧਤ ਵਿਭਾਗ ਨੂੰ ਇਥੇ ਵੀ ਲਾਈਟਾਂ ਜਰੂਰ ਲਗਾਉਣੀਆਂ ਚਾਹੀਦੀਆਂ ਹਨ |