ਬਲਾਚੌਰ, 23 ਦਸੰਬਰ (ਨਰੇਸ਼ ਧੌਲ)-ਪੰਜਾਬ ਪੈਨਸ਼ਨ ਵੈੱਲਫੇਅਰ ਐਸੋਸੀਏਸ਼ਨ ਬਲਾਚੌਰ ਵੱਲੋਂ ਸਕੂਲ ਆਫ਼ ਐਮੀਨੈਂਸ ਮਹਿੰਦੀਪੁਰ ਬਲਾਚੌਰ ਵਿਖੇ ਪੈਨਸ਼ਨ ਦਿਵਸ ਸੋਮ ਲਾਲ ਜ਼ਿਲ੍ਹਾ ਪ੍ਰਧਾਨ ਅਤੇ ਕੁਲਦੀਪ ਦੌੜਕਾ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਉਤਸ਼ਾਹ ਪੂਰਵਕ ਮਨਾਇਆ ਗਿਆ | ਇਸ ਦੌਰਾਨ ਪਿਛਲੇ ਸਮੇਂ ਵਿੱਚ ਸਦੀਵੀ ਵਿਛੋੜਾ ਦੇ ਗਏ ਪੈਨਸ਼ਨਰ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਉਪਰੰਤ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸੋਮ ਲਾਲ ਅਤੇ ਕੁਲਦੀਪ ਦੌੜਕਾ ਨੇ ਪੈਨਸ਼ਨ ਦਿਵਸ ਦੇ ਇਤਿਹਾਸ ਅਤੇ ਪੈਨਸ਼ਨ ਦੀ ਮਹੱਤਤਾ 'ਤੇ ਚਾਨਣਾ ਪਾਇਆ | ਉਨ੍ਹਾਂ ਸਰਕਾਰ ਵੱਲੋਂ 2004 ਤੋਂ ਬਾਅਦ ਪੈਨਸ਼ਨ ਬੰਦ ਕਰਨ ਦੀ ਨਿਖੇਧੀ ਕਰਦਿਆਂ ਹੋਇਆਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ | ਉਨ੍ਹਾਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦਾ ਸਮਰਥਨ ਕੀਤਾ ਅਤੇ ਪੈਨਸ਼ਨਰਜ਼ ਨੂੰ ਇਸ ਸੰਘਰਸ਼ ਵਿੱਚ ਪੂਰਾ ਯੋਗਦਾਨ ਪਾਉਣ ਦੀ ਅਪੀਲ ਕੀਤੀ | ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਤਰਨਜੀਤ ਸਿੰਘ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਵਾ ਕੇ ਹੀ ਆਪਣੀ ਪੈਨਸ਼ਨ ਨੂੰ ਬਚਾ ਸਕਦੇ ਹਾਂ ਇਸ ਲਈ ਜਥੇਬੰਦਕ ਘੋਲ ਬੇਹੱਦ ਜ਼ਰੂਰੀ ਹਨ | ਪਿ੍ੰਸੀਪਲ ਚਰਨ ਸਿੰਘ ਅਤੇ ਹਰਭਜਨ ਸਿੰਘ ਗਹੂੰਣ ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਸਰਬੰਸ ਪਰਿਵਾਰ ਵੱਲੋਂ ਦਿੱਤੀਆਂ ਲਾਸਾਨੀ ਸ਼ਹਾਦਤਾਂ ਨੂੰ ਸਿੱਜਦਾ ਕੀਤਾ | ਮੁੱਖ ਅਧਿਆਪਕ ਭਾਗ ਰਾਮ ਬੰਗੜ ਅਤੇ ਗਿਆਨ ਸਿੰਘ ਰੱਕੜ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰ ਨੂੰ 2.59 ਦੇ ਫੈਕਟਰ ਅਤੇ ਡੀ.ਏ 9 ਫ਼ੀਸਦੀ ਨਾਲ ਪੈਨਸ਼ਨ ਦੁਹਰਾਈ ਦਾ ਲਾਭ ਦਿੱਤਾ ਜਾਵੇ ਅਤੇ ਮੈਡੀਕਲ ਭੱਤਾ 2000 ਰੁਪਏ ਮਹੀਨਾ ਕੀਤਾ ਜਾਵੇ | ਸੋਮ ਲਾਲ ਤਕਲਾ ਨੇ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮੰਗ ਕੀਤੀ ਕਿ ਸੇਵਾ ਮੁਕਤਾਂ ਨੂੰ ਗ੍ਰੈਜੂਟੀ ਤੇ ਲੀਵ ਇਨ ਕੈਸ਼ਮੈਂਟ ਦੀ ਕਿਸ਼ਤ ਜਾਰੀ ਕੀਤੀ ਜਾਵੇ | ਇਸ ਮੌਕੇ ਪਿ੍ੰਸੀਪਲ ਪ੍ਰੇਮ ਕੁਮਾਰ, ਚੰਨਣ ਰਾਮ, ਸਵਰਨ ਹੁਸ਼ਿਆਰਪੁਰੀ, ਆਤਮਾ ਰਾਮ ਅਤੇ ਜੇ.ਈ ਮਹਿੰਦਰ ਪਾਲ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸੀਨੀਅਰ ਪੈਨਸ਼ਨਰ ਪਿ੍ੰਸੀਪਲ ਗੁਰਚਰਨ ਕੌਰ, ਨਿਰਮਲਾ ਦੇਵੀ ਕਪਿਲ, ਮੇਹਰ ਚੰਦ ਬੀ.ਪੀ.ਈ.ਓ, ਹਰਿੰਦਰ ਪਾਲ ਸਿੰਘ, ਉਪਦੇਸ਼ ਕੌਰ, ਹਰਭਜਨ ਸਿੰਘ ਗਹੂੰਣ, ਸੰਤੋਖ ਸਿੰਘ ਬਛੌੜੀ, ਚੰਨਣ ਰਾਮ ਸਾਹਿਬਾ, ਜੋਗਿੰਦਰ ਸਿੰਘ ਸਾਹਿਬਾ, ਦਰਸ਼ਨ ਦੇਵ, ਜਸਵੰਤ ਰਾਏ, ਪਿਆਰੇ ਲਾਲ, ਰਾਮ ਸਰੂਪ, ਹਰਭਜਨ ਲਾਲ ਕੁੱਕੜਸੂਹਾ, ਗੁਰਬਖ਼ਸ਼ ਕੌਰ, ਗਿਰਧਾਰੀ ਲਾਲ, ਕਰਮ ਚੰਦ, ਹਰਬਖ਼ਸ਼ ਸਿੰਘ ਅਤੇ ਆਤਮਾ ਰਾਮ ਨੂੰ ਸਨਮਾਨਿਤ ਕੀਤਾ ਗਿਆ | ਸਟੇਜ ਸਕੱਤਰ ਦੀ ਭੂਮਿਕਾ ਸੋਹਣ ਸਿੰਘ ਤਹਿਸੀਲ ਪ੍ਰਧਾਨ ਵੱਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਐਸੋਸੀਏਸ਼ਨ ਦੇ ਸਮੁੱਚੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ |