ਸਾਹਲੋਂ, 23 ਦਸੰਬਰ (ਜਰਨੈਲ ਸਿੰਘ ਨਿੱਘ੍ਹਾ) - ਸ਼ਿਵ ਚੰਦ ਪਬਲਿਕ ਹਾਈ ਸਕੂਲ ਸਕੋਹਪੁਰ ਦੇ ਵਿਦਿਆਰਥੀਆਂ ਨੇ 'ਸੁਪਨਿਆਂ ਦਾ ਘਰ-ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ' (ਲੁਧਿਆਣਾ) ਦਾ ਸਿੱਖਿਆਤਮਕ ਦੌਰਾ ਕੀਤਾ | ਜਿਸ ਦੀ ਅਗਵਾਈ ਸਕੂਲ ਦੇ ਡਾਇਰੈਕਟਰ ਅਸ਼ੋਕ ਮਹਿਰਾ ਨੇ ਕੀਤੀ, ਉਨ੍ਹਾਂ ਦੇ ਨਾਲ ਸਕੂਲ ਅਧਿਆਪਕ ਅਤੇ ਕੋਆਰਡੀਨੇਟਰ ਅਨਿਲ ਸ਼ਰਮਾ, ਰਜਿੰਦਰ ਕੌਰ, ਟਰਾਂਸਪੋਰਟ ਇੰਚਾਰਜ ਦਲਜੀਤ ਸਿੰਘ ਅਤੇ ਮੇਨਟੇਨੈਂਸ ਸੁਪਰਵਾਈਜ਼ਰ ਸੁਰਜੀਤ ਸਿੰਘ ਵੀ ਹਾਜ਼ਰ ਰਹੇ | ਇਸ ਮੌਕੇ ਵਿਦਿਆਰਥੀਆਂ ਨੇ ਸੰਸਥਾ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਮਿੰਟੂ ਨਾਲ ਮੁਲਾਕਾਤ ਕੀਤੀ | ਉਨ੍ਹਾਂ ਨੇ ਸੰਸਥਾ ਦੀ ਸੇਵਾ ਬਾਰੇ ਜਾਣਕਾਰੀ ਦਿੱਤੀ ਅਤੇ ਮਨੁੱਖਤਾ ਦੀ ਸੇਵਾ ਬਾਰੇ ਵਿੱਦਿਆਰਥੀਆਂ ਨੂੰ ਪ੍ਰੇਰਣਾ ਦਿੱਤੀ | ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕ ਨੇ ਬੜੇ ਪਿਆਰ ਨਾਲ ਉੱਥੇ ਮੌਜੂਦ ਵਲੰਟੀਅਰਾਂ ਨਾਲ ਮਿਲ ਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ | ਇਸ ਮੌਕੇ ਸਕੂਲ ਦੀ ਕੋਆਰਡੀਨੇਟਰ ਸ਼੍ਰੀਮਤੀ ਰਜਿੰਦਰ ਕੌਰ ਵੱਲੋਂ ਮਨੁੱਖਤਾ ਦੀ ਸੇਵਾ ਸੋਸਾਇਟੀ ਲਈ 100 ਗਰਮ ਪਜਾਮਿਆਂ ਦਾ ਦਾਨ ਕੀਤਾ ਗਿਆ | ਸਕੂਲ ਦੇ ਚੇਅਰਮੈਨ ਮਨਜੀਤ ਸਿੰਘ ਢਾਹ ਨੇ ਇਸ ਮਨੁੱਖਤਾ ਭਰੇ ਉਪਰਾਲੇ ਲਈ ਪੂਰੀ ਸਕੂਲ ਟੀਮ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਵਿੱਚ ਦਇਆ, ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵਿਕਸਤ ਹੁੰਦੀ ਹੈ |