ਟੱਪਰੀਆਂ ਖੁਰਦ, 27 ਦਸੰਬਰ (ਬਲਵਿੰਦਰ ਨਾਨੋਵਾਲੀਆ) - ਦਸ਼ਮੇਸ਼ ਪਿਤਾ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਬੰਧ 'ਚ ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਪ੍ਰਬੰਧਕ ਕਮੇਟੀ ਪਿੰਡ ਕਟਵਾਰਾ ਵਲੋਂ ਸਮਾਗਮ ਕਰਵਾਏ ਗਏ | ਪ੍ਰਬੰਧਕ ਕਮੇਟੀ ਵਲੋਂ ਸ਼ਹਾਦਤ ਸਬੰਧੀ ਸਵੇਰ ਤੋਂ ਹੀ ਦੁੱਧ ਦੇ ਲੰਗਰ ਲਗਾਏ ਗਏ, ਸੇਵਾਦਾਰਾਂ ਨੇ ਸੰਗਤਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਰੋਕ ਰੋਕ ਕੇ ਦੁੱਧ ਦੇ ਲੰਗਰ ਛਕਾਏ ਅਤੇ ਸ਼ਹਾਦਤ ਬਾਰੇ ਜਾਣੂ ਕਰਵਾਇਆ | ਅਰੰਭੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਉੱਘੇ ਸਿੱਖ ਵਿਦਵਾਨ ਅਤੇ ਮਹਾਨ ਕੀਰਤਨੀਏ ਭਾਈ ਵੀਰ ਜਤਿੰਦਰ ਸਿੰਘ ਮਲਕਪੁਰ ਫਗਵਾੜੇ ਵਾਲਿਆਂ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੋਂ ਜਾਣੂੰ ਕਰਵਾਇਆ | ਇਸ ਮੌਕੇ ਉਨ੍ਹਾਂ ਕਿਹਾ ਕਿ ਦਸ਼ਮੇਸ਼ ਪਿਤਾ ਸ਼੍ਰੀ ਗੁਰੁੂ ਗੋਬਿੰਦ ਸਿੰਘ, ਮਾਤਾ ਗੁਜਰ ਕੌਰ ਅਤੇ ਚਾਰੇ ਸਾਹਿਬਜ਼ਾਦਿਆਂ ਨੇ ਧਰਮ ਦੀ ਖਾਤਰ ਆਪਣਾ ਆਪ ਕੁਰਬਾਨ ਕਰਕੇ ਵੀ ਆਪਣੇ ਅੰਦਰ ਕਦੇ ਵੀ ਹੰਕਾਰ ਦੀ ਭਾਵਨਾ ਨਹੀ ਆਉਣ ਦਿੱਤੀ, ਸਗੋਂ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ | ਇਸ ਮੌਕੇ ਗੁਰੂ ਘਰ ਦੇ ਸੇਵਕ ਚੌਧਰੀ ਓਮਕਾਰ ਨਾਥ ਸਾਬਕਾ ਸਰਪੰਚ ਕਟਵਾਰਾ ਨੇ ਕਿਹਾ ਕਿ ਸਾਨੂੰ ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲਦੇ ਹੋਏ ਆਪਣੇ ਪਰਿਵਾਰ ਨੂੰ ਗੁਰੂ ਮਹਿਮਾ ਨਾਲ ਜੋੜਨ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਸਵੇਰ ਸ਼ਾਮ ਨਿੱਤ ਨੇਮ ਨਾਲ ਜੋੜਨਾ ਚਾਹੀਦਾ ਹੈ | ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀਆਂ ਲਗਾਈਆਂ |