ਕਾਠਗੜ੍ਹ, 27 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਤੇ ਚੰਗੀ ਸਿਹਤ ਮੁਹੱਈਆ ਕਰਵਾਉਣ ਲਈ ਨਵੇਂ ਸਾਲ ਵਿੱਚ ਕਈ ਫ਼ੈਸਲੇ ਲੈ ਰਹੀ ਹੈ | ਸਤਨਾਮ ਜਲਾਲਪੁਰ ਜ਼ਿਲ੍ਹਾ ਯੋਜਨਾ ਬੋਰਡ ਅਤੇ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਨਵੇਂ ਸਾਲ ਦੀ ਆਮਦ 'ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਕਈ ਫ਼ੈਸਲੇ ਕੀਤੇ ਗਏ ਹਨ | ਜਿਨ੍ਹਾਂ ਵਿੱਚ 1350 ਕਰੋੜ ਰੁਪਏ ਦੀ ਲਾਗਤ ਨਾਲ 3100 ਸਟੇਡੀਅਮ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਜਿਸ ਨੂੰ ਜੂਨ 2026 ਤੱਕ ਮੁਕੰਮਲ ਕਰ ਲਿਆ ਜਾਵੇਗਾ | ਇਸ ਦੇ ਨਾਲ ਹੀ 17000 ਅਤਿਆਧੁਨਿਕ ਸਪੋਰਟਸ ਕਿੱਟਾਂ ਵੰਡੀਆਂ ਜਾਣਗੀਆਂ, ਜਿਨ੍ਹਾਂ ਦੀ ਕੁੱਲ ਲਾਗਤ 50 ਕਰੋੜ ਰੁਪਏ ਹੋਵੇਗੀ | ਉਹਨਾਂ ਦੱਸਿਆ ਕੀ ਸੂਬੇ ਭਰ ਵਿੱਚ ਲਗਭਗ ਤਿੰਨ ਹਜ਼ਾਰ ਥਾਵਾਂ 'ਤੇ ਅਤਿ-ਆਧੁਨਿਕ ਜਿੰਮ ਸਥਾਪਿਤ ਕੀਤੀਆਂ ਜਾਣਗੀਆਂ | ਜਲਾਲਪੁਰ ਨੇ ਅੱਗੇ ਬਿਆਨ ਕਰਦੇ ਹੋਏ ਦੱਸਿਆ ਕਿ ਇੱਕ ਨਵਾਂ ਯੁਵਾ ਭਵਨ 43 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਅਤੇ ਖੇਡਾਂ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਲਈ ਵਿਆਪਕ ਖੇਡ ਪੋਰਟਲ ਸ਼ੁਰੂ ਕੀਤਾ ਜਾਵੇਗਾ | ਉਹਨਾਂ ਕਿਹਾ ਕਿ ਇਹਨਾਂ ਕਦਮਾਂ ਨਾਲ ਪੰਜਾਬ ਵਿੱਚ ਖੇਡਾਂ ਨੂੰ ਜਿੱਥੇ ਉਤਸ਼ਾਹ ਮਿਲੇਗਾ, ਉੱਥੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਇਹ ਫ਼ੈਸਲੇ ਮੀਲ ਪੱਥਰ ਸਾਬਤ ਹੋਣਗੇ |