ਕਟਾਰੀਆਂ, 30 ਦਸੰਬਰ (ਪ੍ਰੇਮੀ ਸੰਧਵਾਂ) - ਸਰਕਾਰੀ ਆਈ. ਟੀ. ਆਈ 'ਚ ਕੰਮ ਕਰਦੇ ਕੱਚੇ ਇੰਸਟਰਕਟਰਾਂ ਵਲੋਂ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਧੂਰੀ ਵਿਖੇ 5 ਜਨਵਰੀ ਨੂੰ ਸੂਬਾ ਪੱਧਰੀ ਵਿਸ਼ਾਲ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ | ਸਰਕਾਰੀ ਆਈ. ਟੀ. ਆਈਜ਼ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਕੱਚੇ ਇੰਸਟਰਕਟਰਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਨੂੰ ਲਾਰੇ ਲੱਪਿਆਂ ਨਾਲ ਟਾਲਿਆ ਜਾ ਰਿਹਾ ਹੈ | ਕਿਉਂਕਿ ਸਰਕਾਰ ਸਾਡੀਆਂ ਜਾਇਜ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ | ਜਿਸ ਕਾਰਨ ਮੁਲਾਜ਼ਮ ਯੂਨੀਅਨ ਨੂੰ ਆਪਣੇ ਹੱਕਾਂ ਲਈ ਪੱਕੇ ਮੋਰਚੇ ਲਾਉਣੇ ਪੈ ਰਹੇ ਹਨ | ਉਨ੍ਹਾਂ ਰੋਸ ਭਰੇ ਅੰਦਾਜ ਨਾਲ ਕਿਹਾ ਕਿ ਤਕਨੀਕੀ ਸਿੱਖਿਆ ਮੰਤਰੀ ਨੇ ਵਿੱਤ ਮੰਤਰੀ ਨਾਲ ਕੀਤੀਆਂ ਗਈਆਂ ਪੈਨਲ ਮੀਟਿੰਗਾਂ ਦੌਰਾਨ ਸਮੁੱਚੀਆਂ ਮੰਗਾਂ ਪੂਰੀਆਂ ਕਰਨ ਬਾਰੇ ਕਿਹਾ ਸੀ | ਉਨ੍ਹਾਂ ਕਿਹਾ ਕਿ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਖੁਦ ਧਰਨੇ ਵਿੱਚ ਹਾਜ਼ਰ ਹੋ ਕੇ ਕਿਹਾ ਸੀ ਕਿ ਜਲਦ ਮੁੱਖ ਮੰਤਰੀ ਨਾਲ ਮਿਲ ਕੇ ਇਸ ਮਸਲੇ ਦਾ ਹੱਲ ਕਰਵਾਉਣਗੇ | ਪਰ ਫੇਰ ਵੀ ਉਨ੍ਹਾਂ ਨੇ ਅਜੇ ਤੱਕ ਲਾਰਿਆਂ ਤੋਂ ਬਿਨਾ ਕੁੱਝ ਪੱਲੇ ਨਹੀਂ ਪਿਆ | ਇਸ ਮੌਕੇ ਜਰਨੈਲ ਸਿੰਘ, ਸਤੀਸ਼ ਕੁਮਾਰ, ਓਮ ਪ੍ਰਕਾਸ਼, ਕੁਲਦੀਪ ਕੁਮਾਰ ਅਤੇ ਮੈਡਮ ਬਲਵੀਰ ਕੌਰ ਆਦਿ ਹਾਜ਼ਰ ਸਨ |