ਫ਼ਤਹਿਗੜ੍ਹ ਸਾਹਿਬ, 19 ਅਕਤੂਬਰ (ਮਨਪ੍ਰੀਤ ਸਿੰਘ)-ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡ. ਲਖਬੀਰ ਸਿੰਘ ਰਾਏ ਨੇ ਦੀਵਾਲੀ ਤੋਂ ਇਕ ਦਿਨ ਪਹਿਲਾਂ ਸਰਹਿੰਦ ਸ਼ਹਿਰ ਬਾਜ਼ਾਰ ਦੇ ਵਿਚ ਸ਼ਿਰਕਤ ਕੀਤੀ ਅਤੇ ਵਪਾਰੀ ਵਰਗ ਦੇ ਨਾਲ ਦੀਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਜਿੱਥੇ ਉਨ੍ਹਾਂ ਡੋਰ ਟੂ ਡੋਰ ਜਾ ਕੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ, ਉੱਥੇ ਹੀ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ | ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੀਵਾਲੀ ਬਹੁਤ ਵੱਡਾ ਤਿਉਹਾਰ ਹੈ ਜਿਸ ਨੂੰ ਹਰ ਧਰਮ ਹਰ ਫ਼ਿਰਕੇ ਦਾ ਵਿਅਕਤੀ ਉਤਸ਼ਾਹ ਦੇ ਨਾਲ ਮਨਾਉਂਦਾ ਹੈ | ਖ਼ੁਸ਼ੀ ਦੇ ਵਿਚ ਜਿੱਥੇ ਘਰਾਂ ਦੇ ਵਿਚ ਮਠਿਆਈ ਲਿਆਂਦੀ ਜਾਂਦੀ ਹੈ, ਪਕੌੜੇ ਬਣਾਏ ਜਾਂਦੇ ਨੇ, ਉੱਥੇ ਹੀ ਪਟਾਕੇ ਵੀ ਫੋੜੇ ਜਾਂਦੇ ਹਨ | ਅਜਿਹੇ ਧਾਰਮਿਕ ਤਿਉਹਾਰ ਸਾਡੀ ਭਾਈਚਾਰਕ ਸਾਂਝ ਨੂੰ ਵਧਾਉਣ ਦੇ ਵਿਚ ਸਹਾਈ ਹੁੰਦੇ ਹਨ | ਅਜਿਹੇ ਤਿਉਹਾਰ ਸਾਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ | ਉਨ੍ਹਾਂ ਨੌਜਵਾਨ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਨੂੰ ਬਣਾਈ ਰੱਖਣ ਦੇ ਲਈ ਗਰੀਨ ਪਟਾਕਿਆਂ ਦਾ ਹੀ ਇਸਤੇਮਾਲ ਕੀਤਾ ਜਾਵੇ | ਪਟਾਕੇ ਜਿੱਥੇ ਪ੍ਰਦੂਸ਼ਣ ਦੇ ਵਿਚ ਵਾਧਾ ਕਰਦੇ ਹਨ, ਉੱਥੇ ਹੀ ਸਾਹ ਨਾਲ ਸੰਬੰਧਿਤ ਮਰੀਜ਼ਾਂ ਲਈ ਵੀ ਖ਼ਤਰਨਾਕ ਸਾਬਤ ਹੁੰਦੇ ਹਨ | ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰੱਖਿਆ ਜਾਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਆੜ੍ਹਤੀ ਐਸੋਸੀਏਸ਼ਨ ਦੇ ਅਨਾਜ ਮੰਡੀ ਸਰਹੰਦ ਦੇ ਪ੍ਰਧਾਨ ਤਰਸੇਮ ਲਾਲ ਉੱਪਲ, ਐਡ. ਹਰਕਮਲਜੀਤ ਸਿੰਘ, ਮੱਖਣ ਸਹੋਤਾ, ਐਡ. ਗੁਰਪ੍ਰੀਤ ਸਿੰਘ ਕੈੜੇ, ਬੰਟੀ ਸੈਣੀ, ਬਿੱਟੂ ਸੂਦ, ਦੀਪਕ ਬਾਤਿਸ਼ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਹਾਜ਼ਰ ਸਨ |