ਫ਼ਤਹਿਗੜ੍ਹ ਸਾਹਿਬ, 24 ਦਸੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਿਹੜੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ, ਉਸ 'ਤੇ ਲੁੱਕ ਪਾਉਣ ਦੀ ਬਜਾਏ ਕੇਰੀ ਪਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਜਿਹੜੀ ਸੜਕ ਰੁੜਕੀ ਤੋਂ ਰਿਊਣਾ 18 ਫੁੱਟੀ ਚੌੜੀ ਵਾਇਆ ਪੰਜੋਲੀ ਕਲਾਂ ਦੀ ਮੁਰੰਮਤ ਕੀਤੀ ਗਈ ਹੈ, ਉਸ 'ਤੇ ਲੁੱਕ ਪਾਉਣ ਦੀ ਬਜਾਏ ਕੇਰੀ ਪਾ ਦਿੱਤੀ ਗਈ ਹੈ ਜੋ ਉੱਡ ਕੇ ਲੋਕਾਂ ਦੇ ਘਰਾਂ ਵਿਚ ਜਾ ਰਹੀ ਹੈ | ਇਸਦੇ ਨਾਲ ਹੀ ਸੜਕ ਵਿਚਕਾਰ ਵੱਡੀਆਂ-ਵੱਡੀਆਂ ਲੀਕਾਂ ਪਈਆਂ ਹੋਈਆਂ ਹਨ ਅਤੇ ਵੱਡੇ ਟੋਏ ਪੈ ਗਏ ਹਨ | ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਇਸ ਸੜਕ ਦੀ ਪੜਤਾਲ ਕਰਵਾਏ ਜਾਣ ਦੀ ਮੰਗ ਕੀਤੀ ਹੈ ਅਤੇ ਠੇਕੇਦਾਰ ਦੀ ਪੇਮੈਂਟ ਰੋਕੀ ਜਾਵੇ | ਪੰਜੋਲੀ ਨੇ ਦੱਸਿਆ ਕਿ ਇਸ ਸੜਕ ਦਾ ਮਸਲਾ ਉਨ੍ਹਾਂ ਸਰਹਿੰਦ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਧਿਆਨ ਵਿਚ ਵੀ ਲਿਆ ਦਿੱਤਾ ਹੈ |