ਗੁਰਦਾਸਪੁਰ, 1 ਜੂਨ (ਅਸ਼ੋਕ ਸ਼ਰਮਾ)-ਸਰਕਾਰੀ ਦਫ਼ਤਰ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ 'ਚ ਜਾਣ ਕਰਕੇ ਪੁਰਾਣੇ ਦਫ਼ਤਰਾਂ ਦੀ ਹਾਲਤ ਬੇਹੱਦ ਖਸਤਾ ਹੋਣ ਤੇ ਗੰਦਗੀ ਸੁੱਟਣ ਨਾਲ ਲੋਕਾਂ ਦਾ ਜੀਵਨ ਦੁੱਭਰ ਹੋਇਆ ਪਿਆ ਹੈ | ਗੁਰਦਾਸਪੁਰ ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਦੱਸਿਆ ਕਿ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਰਸਤੇ ਵਿਚ ਪੈਂਦਾ ਐਸ. ਡੀ. ਐਮ. ਦਫਤਰ ਪੁਰਾਣਾ ਜਿੱਥੇ ਲੋਕਾਂ ਵਲੋਂ ਸਰਕਾਰੀ ਦਫ਼ਤਰਾਂ ਦੀ ਗੰਦਗੀ ਸੁੱਟਣ ਦੇ ਨਾਲ ਜਿਹੜੇ ਲੋਕ ਜ਼ਿਲ੍ਹਾ ਡੀ. ਸੀ. ਦਫ਼ਤਰ ਅਤੇ ਕੋਰਟ ਜਾਂ ਪੁਲਿਸ ਦਫ਼ਤਰਾਂ 'ਚ ਆਉਂਦੇ ਹਨ, ਮਲ ਮੂਤਰ ਵੀ ਉੱਥੇ ਪੇਂਡੂ ਲੋਕ ਕਰ ਜਾਂਦੇ ਹਨ | ਜਿਹੜੇ ਟਾਈਪਿਸਟ ਜਾਂ ਵਕੀਲ ਬਾਹਰ ਆਪਣੇ ਖੋਖੇ ਲਗਾ ਕੇ ਬੈਠੇ ਹਨ, ਉਹ ਭੈੜੀ ਬਦਬੂ ਨਾਲ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਰਾਣੇ ਦਫ਼ਤਰਾਂ ਦੀ ਬਿਲਕੁਲ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ | ਕਈ ਬਿਲਡਿੰਗਾਂ ਦੀ ਹਾਲਤ ਸਹੀ ਵੀ ਹੋਣ ਕਰਕੇ ਉਹ ਵੀ ਖੰਡਰ ਹੋ ਗਏ ਹਨ | ਇੱਥੋਂ ਤੱਕ ਇਨ੍ਹਾਂ ਪੁਰਾਣੇ ਦਫ਼ਤਰਾਂ ਵਿਚ ਪਿਆ ਸਮਾਨ ਨਸ਼ੇੜੀ ਲੋਕ ਲੋਹੇ ਦੀਆਂ ਗਰਿੱਲਾਂ, ਪਖਾਨਿਆਂ ਦੀਆਂ ਟੂਟੀਆਂ ਤੇ ਹੋਰ ਸਮਾਨ ਵੀ ਲੈ ਗਏ ਹਨ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪੁਰਾਣੇ ਦਫ਼ਤਰਾਂ ਦੀ ਹਾਲਤ ਸੁਧਾਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾਣ | ਜਿਸ ਨਾਲ ਇਹ ਦਫ਼ਤਰ ਪੁਰਾਣੇ ਵਰਤੋਂ ਵਿਚ ਆਉਣ ਨਾਲ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ ਦਾ ਦਿੱਤੇ ਜਾ ਰਹੇ ਕਿਰਾਏ ਤੋਂ ਵੱਡਾ ਲਾਭ ਮਿਲ ਸਕੇ |