ਫਰਦ ਕੇਂਦਰ ਦੇ ਮੁਲਾਜ਼ਮਾਂ ਨੇ ਤਨਖਾਹਾਂ ਨਾ ਮਿਲਣ ਕਾਰਨ ਕੀਤੀ ਹੜਤਾਲ <br/>
ਅਜੀਤ ਡੈਸਕ
04-06-2025
ਬਟਾਲਾ, 3 ਜੂਨ (ਸਤਿੰਦਰ ਸਿੰਘ)-ਪਿਛਲੇ 2 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰ ਕੇ ਪੰਜਾਬ ਸਮੇਤ ਬਟਾਲਾ ਵਿਚ ਵੀ ਫਰਦ ਕੇਂਦਰ ਦੇ ਮੁਲਾਜ਼ਮਾਂ ਨੇ ਹੜ੍ਹਤਾਲ ਕਰ ਕੇ ਰੋਸ ਪ੍ਰਗਟ ਕੀਤਾ | ਬਟਾਲਾ ਦੇ ਕਰਮਚਾਰੀ ਰਣਬੀਰ ਸਿੰਘ, ਦਿਲਬਾਗ ਸਿੰਘ, ਹਰਭਜਨ ਸਿੰਘ, ਮਨਦੀਪ ਕੌਰ, ਨਰਿੰਦਰ ਕੌਰ ਅਤੇ ਰਣਜੀਤ ਕੌਰ ਨੇ ਦੱਸਿਆ ਕਿ ਤਨਖਾਹਾਂ ਨਾ ਮਿਲਣ ਕਰ ਕੇ ਪੰਜਾਬ ਭਰ ਦੇ ਮੁਲਾਜ਼ਮਾਂ ਵਲੋਂ ਅਣਮਿੱਥੇ ਸਮੇਂ ਦੀ ਹੜ੍ਹਤਾਲ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਅਸੀਂ ਸੀ. ਐੱਮ. ਐੱਸ. ਕੰਪਨੀ ਦੇ ਅੰਦਰ ਕੰਮ ਕਰਦੇ ਹਾਂ ਤੇ ਸਰਕਾਰ ਵਲੋਂ ਬਿੱਲ ਪਾਸ ਨਾ ਕਰਨ ਕਰ ਕੇ ਸਾਡੀਆਂ ਤਨਖਾਹਾਂ ਰੁਕ ਗਈਆਂ ਹਨ, ਜਿਸ ਕਰ ਕੇ ਸਾਡੇ ਪਰਿਵਾਰਾਂ ਦਾ ਗੁਜਾਰਾ ਬਹੁਤ ਮੁਸ਼ਕਿਲ ਨਾਲ ਹੋ ਰਿਹਾ ਹੈ | ਇਨ੍ਹਾਂ ਮੁਲਾਜ਼ਮਾਂ ਦੀ ਹੜ੍ਹਤਾਲ ਕਾਰਨ ਰਜਿਸਟਰੀਆਂ ਦਾ ਕੰਮ ਠੱਪ ਰਿਹਾ | ਤਹਿਸੀਲ 'ਚ ਰਜਿਸਟਰੀਆਂ ਕਰਵਾਉਣ ਪਹੁੰਚੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਉਹ ਬਿਨਾਂ ਕੰਮ ਹੋਏ ਘਰਾਂ ਨੂੰ ਖੱਜਲ-ਖੁਆਰ ਹੋ ਕੇ ਵਾਪਸ ਪਰਤ ਗਏ |