ਗੁਰਦਾਸਪੁਰ, 3 ਜੂਨ (ਪੰਕਜ ਸ਼ਰਮਾ)-ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਸੂਬਾ ਆਗੂ ਕਰਮਜੀਤ, ਗਗਨਦੀਪ ਸਿੰਘ, ਜ਼ਿਲ੍ਹਾ ਆਗੂ ਇੰਦਰਜੀਤ ਸਿੰਘ, ਤਰਸੇਮ ਸਿੰਘ ਤੇ ਕੁਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕੰਪਿਊਟਰ ਅਧਿਆਪਕਾਂ ਵਲੋਂ 5 ਜੂਨ ਨੂੰ ਲੁਧਿਆਣਾ ਵਿਖੇ ਕੀਤੀ ਜਾਣ ਵਾਲੀ ਰੋਸ ਰੈਲੀ ਸਬੰਧੀ ਵਿਚਾਰ ਚਰਚਾ ਕੀਤੀ ਗਈ | ਜ਼ਿਲ੍ਹਾ ਆਗੂਆਂ ਨੇ ਦੱਸਿਆ ਕਿ 20 ਸਾਲਾਂ ਦੀ ਸਰਵਿਸ ਪੂਰੀ ਹੋਣ ਦੇ ਬਾਵਜੂਦ ਅਤੇ ਮਾਣਯੋਗ ਹਾਈਕੋਰਟ ਦੇ ਡਬਲ ਬੈਚ ਵਲੋਂ 25 ਫਰਵਰੀ 2025 ਦੇ ਕੰਪਿਊਟਰ ਅਧਿਆਪਕਾਂ ਦੇ ਹੱਕ ਵਿਚ ਦਿੱਤੇ ਇਤਿਹਾਸਿਕ ਫ਼ੈਸਲੇ ਦੇ ਬਾਵਜੂਦ 6640 ਕੰਪਿਊਟਰ ਅਧਿਆਪਕ ਆਪਣੇ ਜਾਇਜ਼ ਹੱਕਾਂ ਤੋਂ ਵਾਂਝੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਅੜੀਅਲ ਰਵੱਈਏ ਅਤੇ ਸਿੱਖਿਆ ਮੰਤਰੀ ਪੰਜਾਬ ਦੇ 15 ਸਤੰਬਰ ਦੇ ਕੀਤੇ ਐਲਾਨ ਤੋਂ ਲਗਾਤਾਰ ਭੱਜਣ ਕਰਕੇ ਸੰਘਰਸ਼ ਕਮੇਟੀ ਵਲੋਂ 5 ਜੂਨ ਨੂੰ ਲੁਧਿਆਣਾ ਵਿਖੇ ਸੂਬਾਈ ਰੈਲੀ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਵਿਚ ਸੂਬੇ ਭਰ ਦੇ ਕੰਪਿਊਟਰ ਅਧਿਆਪਕ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਦੇ ਹੋਏ ਹੱਕਾਂ ਲਈ ਆਵਾਜ਼ ਬੁਲੰਦ ਕਰਨਗੇ | ਇਸ ਐਕਸ਼ਨ 'ਚ ਭਰਾਤਰੀ ਅਧਿਆਪਕ ਜਥੇਬੰਦੀਆਂ, ਮੁਲਾਜ਼ਮ ਫੈਡਰੇਸ਼ਨਜ਼, ਵਿਦਿਆਰਥੀ, ਸਮੂਹ ਕਿਸਾਨ ਤੇ ਮਜ਼ਦੂਰ ਅਤੇ ਜਨਤਕ ਜਥੇਬੰਦੀਆਂ ਸ਼ਿਰਕਤ ਕਰਨਗੀਆਂ |