ਗੁਰਦਾਸਪੁਰ, 3 ਜੂਨ (ਚੱਕਰਾਜਾ)-ਜੇ. ਈ. ਈ. ਐਡਵਾਂਸ ਦੀ ਇਸ ਵਾਰ ਪ੍ਰੀਖਿਆ 'ਚੋਂ ਸਰਕਾਰੀ ਸਕੂਲਾਂ ਦੇ 32 ਵਿਦਿਆਰਥੀ ਸਫਲ ਰਹੇ ਹਨ | ਇਨ੍ਹਾਂ 32 ਵਿਦਿਆਰਥੀਆਂ 'ਚੋਂ 21 ਵਿਦਿਆਰਥੀ ਸਿਰਫ਼ 10 ਮੈਰੀਟੋਰੀਅਸ ਸਕੂਲਾਂ ਦੇ ਹਨ | ਜੇ. ਈ. ਈ. ਐਡਵਾਂਸਡ ਦੇ ਐਲਾਨੇ ਨਤੀਜੇ ਵਿਚ ਪੰਜਾਬ ਦੇ 10 ਮੈਰੀਟੋਰੀਅਸ ਸਕੂਲਾਂ ਨੇ ਸਾਬਤ ਕੀਤਾ ਹੈ ਕਿ ਸਮਰਪਣ ਤੇ ਮਿਹਨਤ ਨਾਲ ਵੱਡੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ | ਜ਼ਿਕਰਯੋਗ ਹੈ ਕਿ ਮੈਰੀਟੋਰੀਅਸ ਸਕੂਲਾਂ ਵਿਚ ਪੰਜਾਬ ਦੇ ਆਰਥਿਕਤਾ ਪੱਖੋਂ ਗ਼ਰੀਬ ਤੇ ਮਾਨਸਿਕ ਪੱਖੋਂ ਮਿਹਨਤੀ ਬੱਚੇ ਵਿੱਦਿਆ ਪ੍ਰਾਪਤ ਕਰ ਰਹੇ ਹਨ | ਇਸ ਨਤੀਜੇ ਵਿਚ 10 ਮੈਰੀਟੋਰੀਅਸ ਸਕੂਲਾਂ 'ਚੋਂ 21 ਵਿਦਿਆਰਥੀਆਂ ਨੇ ਇਹ ਟੱੈਸਟ ਪਾਸ ਕਰਕੇ ਵੱਖਰਾ ਇਤਿਹਾਸ ਸਿਰਜਿਆ ਹੈ | ਮੈਰੀਟੋਰੀਅਸ ਯੂਨੀਅਨ ਦੇ ਸੂਬਾ ਪ੍ਰਧਾਨ ਡਾ: ਟੀਨਾ ਦਾ ਕਹਿਣਾ ਹੈ ਕਿ ਜੇ.ਈ.ਈ. ਐਡਵਾਂਸਡ ਦੀ ਪ੍ਰੀਖਿਆ 'ਚ ਮੈਰੀਟੋਰੀਅਸ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਮਿਹਨਤ ਸਦਕਾ ਸ਼ਾਨਦਾਰ ਇਤਿਹਾਸ ਸਿਰਜਿਆ ਹੈ | ਜਨਰਲ ਸਕੱਤਰ ਡਾ: ਅਜੇ ਸ਼ਰਮਾ ਨੇ ਕਿਹਾ ਕਿ ਸਰਕਾਰਾਂ ਨੇ ਸਾਡੀ ਮਿਹਨਤ ਦਾ ਮੁੱਲ ਨਹੀਂ ਪਾਇਆ | ਵਿੱਤ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ 32 'ਚੋਂ 21 ਵਿਦਿਆਰਥੀਆਂ ਨੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਜੇ.ਈ.ਈ ਦੀ ਅਹਿਮ ਪ੍ਰੀਖਿਆ ਪਾਸ ਕਰਕੇ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਹੈ ਪਰ ਸਰਕਾਰ ਵਲੋਂ ਸਿੱਖਿਆ ਵਿਭਾਗ 'ਚ ਮੈਰੀਟੋਰੀਅਸ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਨਾ ਕਰਨਾ ਤੇ ਪਿਛਲੇ 10 ਸਾਲਾਂ 'ਚ ਤਨਖ਼ਾਹ ਵਾਧੇ ਅਤੇ ਪਿਛਲੇ ਰੁਕੇ ਬਕਾਏ ਨੂੰ ਰੋਕਣਾ ਸਿੱਖਿਆ ਦੇ ਨਾਮ 'ਤੇ ਸੱਤਾ ਵਿਚ ਆਈ ਸਰਕਾਰ ਦਾ ਸੋਚਣ ਦਾ ਨਜ਼ਰੀਆ ਕੀ ਹੈ ? ਅੱਜ ਤੱਕ ਸਮਝ ਨਹੀਂ ਆਇਆ |