ਗੁਰਦਾਸਪੁਰ, 4 ਜੂਨ (ਅਸ਼ੋਕ ਸ਼ਰਮਾ)-ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ 18 ਸਾਲ ਤੱਕ ਉਮਰ ਦੇ ਬੱਚਿਆਂ ਦੀ ਸੁਰੱਖਿਆ ਤੇ ਦੇਖਭਾਲ ਦੇ ਹੋਰ ਕਿੰਨੇ ਕਾਰਨਾਂ ਕਰਕੇ ਕਾਨੂੰਨ ਦੇ ਟਕਰਾਅ ਵਿਚ ਆਉਣ ਵਾਲੇ ਬੱਚਿਆਂ ਲਈ ਜੁਵੇਨਾਇਲ ਜਸਟਿਸ ਐਕਟ 2015 ਤਹਿਤ ਬਾਲ ਭਲਾਈ ਕਮੇਟੀ ਅਤੇ ਜੁਵੇਨਾਇਲ ਜਸਟਿਸ ਬੋਰਡ ਦਾ ਗਠਨ ਕੀਤਾ ਜਾਂਦਾ ਹੈ, ਜਿਨ੍ਹਾਂ ਕੋਲ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਫ਼ੈਸਲੇ ਲੈਣ ਦਾ ਅਧਿਕਾਰ ਹੁੰਦਾ ਹੈ | ਇਸ ਦੇ ਨਾਲ ਹੀ ਇਹ ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਕਰਦੇ ਹਨ | ਬਾਲ ਭਲਾਈ ਕਮੇਟੀ ਅਤੇ ਜੁਵੇਨਾਇਲ ਜਸਟਿਸ ਬੋਰਡ ਦਾ ਕਾਰਜਕਾਲ 3 ਸਾਲ ਦਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਚੱਲ ਰਹੀ ਬਾਲ ਭਲਾਈ ਕਮੇਟੀ ਅਤੇ ਜੁਵੇਨਾਇਲ ਜਸਟਿਸ ਬੋਰਡ ਦਾ ਕਾਰਜਕਾਲ ਖ਼ਤਮ ਹੋ ਗਿਆ ਹੈ, ਜਿਸ ਕਰਕੇ ਹੁਣ ਜੁਵੇਨਾਇਲ ਜਸਟਿਸ ਬੋਰਡ ਲਈ 2 ਨਵੇਂ ਯੋਗ ਮੈਂਬਰ, ਬਾਲ ਭਲਾਈ ਕਮੇਟੀ ਲਈ ਇਕ ਚੇਅਰਪਰਸਨ ਅਤੇ 4 ਮੈਂਬਰਾਂ ਦੀ ਨਿਯੁਕਤੀ ਜੁਵੇਨਾਇਲ ਜਸਟਿਸ ਐਕਟ ਦੀ ਧਾਰਾ 27 ਅਤੇ 4 ਅਨੁਸਾਰ ਕੀਤੀ ਜਾਣੀ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚਾਹਵਾਨ ਯੋਗ ਉਮੀਦਵਾਰ ਬਾਲ ਭਲਾਈ ਕਮੇਟੀ ਅਤੇ ਜੁਵੇਨਾਇਲ ਜਸਟਿਸ ਬੋਰਡ ਲਈ ਅਪਲਾਈ ਕਰਨ ਲਈ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੀ ਵੈੱਬਸਾਈਟ (sswcd.punjab.gov.in.) 'ਤੇ ਦਿੱਤੇ ਨਿਯਮਾਂ ਤੇ ਸ਼ਰਤਾਂ ਅਨੁਸਾਰ ਅਪਲਾਈ ਕਰ ਸਕਦੇ ਹਨ | ਵਧੇਰੀ ਜਾਣਕਾਰੀ ਲਈ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਕਮਰਾ ਨੰਬਰ 218 ਬਲਾਕ-ਏ ਪਹਿਲੀ ਮੰਜ਼ਿਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ |