ਫ਼ਰੀਦਕੋਟ, 4 ਜੂਨ (ਜਸਵੰਤ ਸਿੰਘ ਪੁਰਬਾ)-'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਫ਼ਰੀਦਕੋਟ ਪੁਲਿਸ ਵਲੋਂ ਜਿੱਥੇ ਡਰੱਗ ਹੋਟ ਸਪਾਟ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ | ਉਥੇ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਮਿਲ ਕੇ ਜ਼ਿਲ੍ਹੇ ਦੇ ਅੰਦਰ ਮੈਡੀਕਲ ਦੁਕਾਨਾਂ ਅੰਦਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਨਸ਼ੇ ਦੀ ਵਿਕਰੀ ਉੱਪਰ ਮੁਕੰਮਲ ਤੌਰ 'ਤੇ ਪਾਬੰਦੀ ਲਗਾਈ ਜਾ ਸਕੇ | ਇਸੇ ਕਾਰਵਾਈ ਤਹਿਤ ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਮੈਡੀਕਲ ਸਟੋਰਾਂ 'ਤੇ ਅਚਨਚੇਤ ਚੈਕਿੰਗ ਕੀਤੀ ਗਈ | ਇਸ ਕਾਰਵਾਈ ਵਿਚ ਕੁੱਲ 6 ਟੀਮਾਂ ਤਾਇਨਾਤ ਕੀਤੀਆਂ ਗਈਆਂ, ਜਿਨ੍ਹਾਂ ਵਿਚ 60 ਦੇ ਕਰੀਬ ਪੁਲਿਸ ਕਰਮਚਾਰੀ ਮੌਜੂਦ ਸਨ | ਜਿਸ ਦੌਰਾਨ ਗੋਇਲ ਮੈਡੀਕੋਜ ਅਤੇ ਕਲੀਨਿਕਲ ਲੈਬੋਰਟਰੀ ਜੈਤੋ ਦੀ ਚੈਕਿੰਗ ਦੌਰਾਨ 6031 ਗੋਲੀਆਂ ਅਤੇ 1270 ਕੈਪਸੂਲ ਬਰਾਮਦ ਕੀਤੇ ਗਏ, ਜਿਹੜੀਆਂ ਕਿ ਪ੍ਰਤੀਬੰਧਿਤ ਹੋਣ ਕਾਰਨ ਹਰਜਿੰਦਰ ਸਿੰਘ ਡਰੱਗ ਇੰਸਪੈਕਟਰ ਅਤੇ ਉਨ੍ਹਾਂ ਦੀ ਟੀਮ ਵਲੋਂ ਪੁਲਿਸ ਦੀ ਮੌਜੂਦਗੀ ਵਿਚ ਸੀਲ ਕੀਤਾ ਗਿਆ | ਇਸ ਮੈਡੀਕਲ ਦੁਕਾਨ ਅੰਦਰ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ਹੋਣ ਕਰਕੇ ਲਾਇਸੰਸ ਰੱਦ ਕਰਨ ਸੰਬੰਧੀ ਵੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਮੁਢਲੀ ਜਾਣਕਾਰੀ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਦੁਕਾਨ ਦੇ ਮਾਲਕ ਮੁਕੇਸ਼ ਗੋਇਲ ਪੁੱਤਰ ਮੋਹਨ ਲਾਲ ਵਾਸੀ ਮੇਨ ਬਾਜ਼ਾਰ, ਨੇੜੇ ਬੱਸ ਸਟੈਂਡ ਜੈਤੋ ਹਨ |