ਗੁਰਦਾਸਪੁਰ, 2 ਸਤੰਬਰ (ਚੱਕਰਾਜਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜ਼ੋਨ ਤੇਜਾ ਸਿੰਘ ਸੁਤੰਤਰ ਵਲੋਂ ਮੀਟਿੰਗ ਕੀਤੀ ਗਈ | ਜਿਸ ਵਿਚ ਪਿੰਡ ਬਲੱਗਣ ਦੀ ਇਕ ਵਿਧਵਾ ਬੀਬੀ ਦੀ ਜ਼ਮੀਨ ਨੂੰ ਇਕ ਆੜ੍ਹਤੀ ਵਲੋਂ ਧੋਖੇ ਨਾਲ ਹਥਿਆਉਣ ਦੀ ਕੋਸ਼ਿਸ਼ ਕੀਤੀ ਗਈ | ਜਿਸ ਦੇ ਪੱਖ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਉਸ ਬੀਬੀ ਨੂੰ ਇਨਸਾਫ਼ ਦਿਵਾਉਣ ਲਈ ਸਖ਼ਤ ਸਟੈਂਡ ਲਿਆ ਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਜ਼ਮੀਨ ਨੂੰ ਨਿਲਾਮ ਹੋਣ ਤੋਂ ਬਚਾਇਆ ਤੇ ਹੁਣ ਆੜ੍ਹਤੀ ਨਾਲ ਗੱਲਬਾਤ ਕਰਕੇ ਦੋਹਾਂ ਧਿਰਾਂ ਨੂੰ ਬਿਠਾ ਕੇ ਉਨ੍ਹਾਂ ਦਾ ਪੱਖ ਸੁਣ ਕੇ ਉਨ੍ਹਾਂ ਵਿਚੋਂ ਸਹੀ ਨੂੰ ਇਨਸਾਫ਼ ਦਿਵਾਇਆ ਜਾਵੇਗਾ | ਮੀਟਿੰਗ ਵਿਚ ਭਾਰੀ ਮੀਂਹ ਕਰਕੇ ਜੋ ਨੁਕਸਾਨ ਹੋਇਆ ਹੈ, ਉਸ ਬਾਰੇ ਵਿਚਾਰਾਂ ਕੀਤੀਆਂ ਗਈਆਂ | ਆਗੂਆਂ ਨੇ ਕਿਹਾ ਕਿ ਮੀਂਹ ਨਾਲ ਆਏ ਹੜ੍ਹਾਂ ਕਰਕੇ ਮਾਰੀਆਂ ਫ਼ਸਲਾਂ ਦੇ ਨਾਲ, ਮਾਲ ਡੰਗਰ ਅਤੇ ਘਰਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ | ਜਿਸ ਕਰਕੇ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਭਵਿੱਖ ਬਹੁਤ ਵੱਡੇ ਖ਼ਤਰੇ ਵਿਚ ਹੈ | ਇਸ ਮੌਕੇ ਜ਼ੋਨ ਪ੍ਰਧਾਨ ਸੁਖਵਿੰਦਰ ਸਿੰਘ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ, ਰਣਬੀਰ ਸਿੰਘ ਡੁਗਰੀ, ਕਰਨੈਲ ਸਿੰਘ ਆਦੀ, ਸਤਨਾਮ ਸਿੰਘ ਖ਼ਜ਼ਾਨਚੀ, ਨਰਿੰਦਰ ਸਿੰਘ ਆਲੀਨੰਗਲ, ਨਿਸ਼ਾਨ ਸਿੰਘ ਬਾਊਪੁਰ, ਦਿਲਬਾਗ ਸਿੰਘ ਹਰਦੋਛੰਨੀ, ਰਸ਼ਪਾਲ ਸਿੰਘ ਡੁਗਰੀ, ਜਪਕੀਰਤ ਹੁੰਦਲ, ਨਿਰਮਲ ਸਿੰਘ ਆਦੀ, ਬੀਬੀ ਮਨਜਿੰਦਰ ਕੌਰ ਅਤੇ ਬੀਬੀ ਜਗੀਰ ਕੌਰ ਆਦਿ ਹਾਜ਼ਰ ਸਨ |