ਕੋਟਲੀ ਸੂਰਤ ਮੱਲ੍ਹੀ, 2 ਸਤੰਬਰ (ਕੁਲਦੀਪ ਸਿੰਘ ਨਾਗਰਾ)-ਬਿਆਸ ਤੋਂ ਡੇਰਾ ਬਾਬਾ ਨਾਨਕ ਤੱਕ ਨਿਰਮਾਣ ਅਧੀਨ ਨੈਸ਼ਨਲ ਹਾਈਵੇ ਦਾ ਕਸਬਾ ਕੋਟਲੀ ਸੂਰਤ ਮੱਲ੍ਹੀ, ਸ਼ਿਕਾਰ ਮਾਛੀਆਂ, ਦਾਲਮ ਨੰਗਲ, ਕਿਲ੍ਹਾ ਲਾਲ ਸਿੰਘ, ਤਾਰਾਗੜ੍ਹ ਸਮੇਤ ਕੁਝ ਅੱਡਿਆਂ ਤੋਂ ਬਾਈਪਾਸ ਨਿਕਲਣ ਕਰਕੇ ਜਿੱਥੇ ਇਨ੍ਹਾਂ ਕਸਬਿਆਂ 'ਚੋਂ ਗੁਜਰਦੀ ਬਟਾਲਾ ਡੇਰਾ ਬਾਬਾ ਨਾਨਕ ਸੜਕ ਦਾ ਮੰਦਾ ਹਾਲ ਹੋਣ ਕਰਕੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਟਰੈਕਟਰ-ਟਰਾਲੀਆਂ 'ਤੇ ਰਾਹਤ ਸਮੱਗਰੀ ਲੈ ਕੇ ਆ ਰਹੀਆਂ ਸੰਗਤਾਂ ਸਰਕਾਰ ਨੂੰ ਕੋਸ ਰਹੀਆਂ ਹਨ ਤੇ ਆਮ ਲੋਕਾਂ 'ਚ ਵੀ ਵੱਡਾ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਭਾਜਪਾ ਆਗੂ ਵਿਜੇ ਕੁਮਾਰ ਸੋਨੀ, ਕਾਮਰੇਡ ਬਲਦੇਵ ਸਿੰਘ ਖਹਿਰਾ, ਕਿਸਾਨ ਆਗੂ ਜਸਵਿੰਦਰ ਸਿੰਘ ਰੰਧਾਵਾ, ਡਾਕਟਰ ਸੁਖਵਿੰਦਰ ਸਿੰਘ ਰੰਧਾਵਾ, ਡਾ. ਸੁਖਵਿੰਦਰ ਸਿੰਘ ਸੱਗੂ, ਅਮਰੀਕ ਸਿੰਘ ਬਿੱਟੂ, ਰਵਿੰਦਰਪਾਲ ਸਿੰਘ ਵਿੱਕੀ, ਪੱਪੂ ਮਹਾਜਨ, ਚਰਨਪ੍ਰੀਤ ਸਿੰਘ ਬੇਦੀ, ਜਗਰੂਪ ਸਿੰਘ ਆੜ੍ਹਤੀ, ਪਲਵਿੰਦਰ ਸਿੰਘ ਸੋਨੂੰ ਭਗਵਾਨਪੁਰ ਸਮੇਤ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਬਿਆਸ ਤੋਂ ਡੇਰਾ ਬਾਬਾ ਨਾਨਕ ਤੱਕ ਬਣ ਰਿਹਾ ਨੈਸ਼ਨਲ ਹਾਈਵੇ ਅਜੇ ਚਾਲੂ ਨਹੀਂ ਹੋਇਆ, ਜਿਸ ਕਰਕੇ ਬਟਾਲਾ-ਡੇਰਾ ਬਾਬਾ ਨਾਨਕ ਸੜਕ ਦੀ ਸਾਰੀ ਆਵਾਜਾਈ ਪਹਿਲਾਂ ਦੀ ਤਰ੍ਹਾਂ ਅੱਡਿਆਂ ਵਿਚੋਂ ਦੀ ਜਾਂਦੀ ਸੜਕ ਰਾਹੀਂ ਹੋ ਰਹੀ ਹੈ ਤੇ ਸੜਕ 'ਚ ਵੱਡੇ ਟੋਏ ਪੈ ਗਏ ਹਨ, ਜਿਸ ਕਰ ਕੇ ਆਮ ਰਾਹਗੀਰਾਂ ਤੇ ਰਾਹਤ ਸਮੱਗਰੀ ਲੈ ਕੇ ਆ ਰਹੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਨਿੱਤ ਹਾਦਸੇ ਵਾਪਰਨ ਲੱਗੇ, ਕਿਉਂਕਿ ਸੜਕ 'ਚ ਟੋਏ ਹੀ ਏਨੇ ਵੱਡੇ-ਵੱਡੇ ਹਨ ਕਿ ਪਾਣੀ ਭਰਨ ਕਰਕੇ ਪਤਾ ਹੀ ਕੁਝ ਨਹੀਂ ਲਗਦਾ ਕਿ ਸੜਕ ਕਿੱਥੇ ਹੈ, ਪਰ ਸਰਕਾਰ ਵਲੋਂ ਇਸ ਪਾਸੇ ਕੋਈ ਤਵੱਜੋਂ ਨਹੀਂ ਦਿੱਤੀ ਜਾ ਰਹੀ, ਜਿਸ ਕਰਕੇ ਲੋਕਾਂ ਦੇ ਨੱਕ ਵਿਚ ਦਮ ਆਇਆ ਹੈ ਤੇ ਲੋਕਾਂ ਦੇ ਵਾਹਨਾਂ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬਟਾਲਾ ਤੋਂ ਡੇਰਾ ਬਾਬਾ ਨਾਨਕ ਤੱਕ ਪੈਂਦੇ ਉਕਤ ਅੱਡਿਆਂ ਜਿੱਥੋਂ ਬਾਈਪਾਸ ਨਿਕਲੇ ਹਨ, ਉਥੋਂ ਅੱਡਿਆਂ 'ਚੋਂ ਸੜਕ 22 ਫੁੱਟ ਸੜਕ ਤੋਂ 33 ਫੁੱਟ ਚੌੜੀ ਬਣਾਉਣ ਦਾ 4 ਮਹੀਨੇ ਪਹਿਲਾਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਅੱਡਾ ਕੋਟਲੀ ਸੂਰਤ ਮੱਲ੍ਹੀ 'ਚ ਨੀਂਹ ਪੱਥਰ ਰੱਖਿਆ ਗਿਆ ਸੀ ਤੇ ਜਲਦੀ ਸੜਕ ਬਣਾਉਣ ਦਾ ਵਿਸ਼ਵਾਸ ਦਿਵਾਇਆ ਸੀ, ਪਰ 4 ਮਹੀਨੇ ਬੀਤਣ 'ਤੇ ਵੀ ਅਜੇ ਤੱਕ ਲੋਕ ਨਿਰਮਾਣ ਵਿਭਾਗ ਵਲੋਂ ਸੜਕ ਬਣਾਉਣ ਦਾ ਕੰਮ ਸ਼ੁਰੂ ਨਹੀਂ ਕਰਵਾਇਆ ਜਾ ਰਿਹਾ | ਜ਼ਿਕਰਯੋਗ ਹੈ ਕਿ ਨਿਰਮਾਣ ਅਧੀਨ ਨੈਸ਼ਨਲ ਹਾਈਵੇ ਕਰਕੇ ਬਟਾਲਾ ਤੋਂ ਡੇਰਾ ਬਾਬਾ ਨਾਨਕ ਤੱਕ ਆਉਂਦੇ ਅੱਡੇ ਵਿਚ ਸੜਕ ਦੀ ਹਾਲਤ ਸੁਧਾਰਨ ਲਈ ਪੰਜਾਬ ਸਰਕਾਰ ਵਲੋਂ 13 ਕਰੋੜ ਰੁਪਏ ਦੀ ਲਾਗਤ ਨਾਲ ਬਟਾਲਾ ਤੋਂ ਡੇਰਾ ਬਾਬਾ ਨਾਨਕ ਸੜਕ ਉਪਰ ਪੈਂਦੇ ਅੱਡਿਆਂ ਵਿਚ 33 ਫੁੱਟ ਚੌੜੀ ਸੜਕ ਬਣਾਉਣ ਲਈ ਕਿਸੇ ਠੇਕੇਦਾਰ ਨੂੰ ਟੈਂਡਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ, ਪਰ 4 ਮਹੀਨੇ ਬੀਤਣ ਉਪਰੰਤ ਵੀ ਕੰਮ ਸ਼ੁਰੂ ਨਹੀਂ ਹੋ ਸਕਿਆ, ਜਦੋਂ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆ ਵਲੋਂ ਇਸ ਪਾਸੇ ਕੋਈ ਤਵੱਜੋਂ ਨਹੀਂ ਦਿੱਤੀ ਜਾ ਰਹੀ ਤੇ ਲੋਕਾਂ ਦੀਆਂ ਮੁਸ਼ਕਿਲਾਂ ਦਿਨੋਂ-ਦਿਨ ਵਧ ਰਹੀਆਂ ਹਨ | ਇਲਾਕੇ ਦੇ ਲੋਕਾਂ ਨੇ ਮੁੱਖ ਮੰਤਰੀ ਪੰਜਾਬ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋੋਲੋਂ ਮੰਗ ਕੀਤੀ ਹੈ ਕਿ ਇਸ ਖਸਤਾ ਹਾਲਤ ਸੜਕ ਦੀ ਤੁਰੰਤ ਮੁਰੰਮਤ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ |