ਪਠਾਨਕੋਟ, 3 ਸਤੰਬਰ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਪ੍ਰਾਈਡ ਨੇ ਪ੍ਰਧਾਨ ਮਨੀਸ਼ ਚੌਹਾਨ ਦੀ ਪ੍ਰਧਾਨਗੀ ਹੇਠ ਬਮਿਆਲ, ਕੋਹਲੀਆਂ, ਪੰਮਾ, ਤਾਸ਼, ਪਹਾੜੀਪੁਰ ਅਤੇ ਹੋਰ ਪਿੰਡਾਂ ਦਾ ਦੌਰਾ ਕੀਤਾ | ਉਨ੍ਹਾਂ ਨੇ ਹੜ੍ਹਾਂ ਕਾਰਨ ਸਥਿਤੀ ਦਾ ਜਾਇਜ਼ਾ ਲਿਆ | ਲੋਕਾਂ ਨੇ ਪਿੰਡ ਵਿਚ ਹੜ੍ਹਾਂ ਕਾਰਨ ਸਥਿਤੀ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਹੜ੍ਹਾਂ ਕਾਰਨ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ ਹੈ ਅਤੇ ਵੱਖ-ਵੱਖ ਖੇਤਰਾਂ ਵਿਚ ਜ਼ਿਆਦਾ ਪਾਣੀ ਹੋਣ ਕਾਰਨ ਫ਼ਸਲਾਂ ਤਬਾਹ ਹੋ ਗਈਆਂ ਹਨ ਅਤੇ ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿਚ ਬਿਮਾਰੀਆਂ ਫੈਲਣ ਦੀ ਸੰਭਾਵਨਾ ਹੈ | ਪ੍ਰਧਾਨ ਮਨੀਸ਼ ਚੌਹਾਨ, ਵਿਸ਼ਾਲ ਸ਼ਰਮਾ, ਡਾ: ਮਨੂ ਸ਼ਰਮਾ, ਨਿਪੁਨ ਮਹਾਜਨ ਨੇ ਪਿੰਡ ਛੋਟਾ ਤਲੂਰ ਦੇ ਸਰਪੰਚ ਪ੍ਰਸ਼ੋਤਮ ਅਤੇ ਹੋਰ ਪਿੰਡ ਵਾਸੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਤੋਂ ਮੌਜੂਦਾ ਸੰਦਰਭ ਵਿਚ ਕੀ ਲੋੜ ਹੈ, ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ | ਪ੍ਰਧਾਨ ਮਨੀਸ਼ ਚੌਹਾਨ ਨੇ ਕਿਹਾ ਕਿ ਪੰਜਾਬ ਇਸ ਸਮੇਂ ਇਕ ਭਿਆਨਕ ਸੰਕਟ ਵਿਚੋਂ ਲੰਘਿਆ ਹੈ ਅਤੇ ਇਹ ਸਾਡਾ ਸਾਰਿਆਂ ਦਾ ਨੈਤਿਕ ਫ਼ਰਜ਼ ਹੈ ਕਿ ਅਸੀਂ ਆਪਣੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰੀਏ | ਪਿੰਡ ਤਾਸ਼ ਦੇ ਸਰਪੰਚ ਪ੍ਰਸ਼ੋਤਮ, ਬਜ਼ੁਰਗ ਸਲਵਿੰਦਰ ਨੇ ਕਿਹਾ ਕਿ ਪਿੰਡ 'ਚ ਜ਼ਿਆਦਾ ਪਾਣੀ ਆਉਣ ਕਾਰਨ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਇਸ ਵੇਲੇ ਸੰਸਥਾਵਾਂ ਆ ਰਹੀਆਂ ਹਨ, ਪਰ ਕੁਝ ਦਿਨਾਂ ਬਾਅਦ ਦੂਜੇ ਪੜ੍ਹਾਅ ਵਿਚ ਹੋਰ ਮਦਦ ਦੀ ਲੋੜ ਪਵੇਗੀ, ਇਸ ਲਈ ਸੰਸਥਾਵਾਂ ਨੂੰ ਦੂਜੇ ਪੜ੍ਹਾਅ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ |