ਬਟਾਲਾ, 5 ਸਤੰਬਰ (ਸਤਿੰਦਰ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਸਰਪ੍ਰਸਤ ਸ: ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਯੂਨੀਵਰਸਿਟੀ ਵਿਚ ਸੋਈ ਦੀ ਸ਼ਰਮਨਾਕ ਹਾਰ 'ਤੇ ਝੂੰਦਾਂ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਯਾਦ ਕਰਵਾਇਆ ਹੈ | ਪੀਰ ਮੁਹੰਮਦ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਕਾਰਨਾਂ ਦੀ ਪੜਤਾਲ ਲਈ ਝੂੰਦਾਂ ਕਮੇਟੀ ਗਠਿਤ ਕੀਤੀ ਗਈ ਸੀ | ਕਮੇਟੀ ਵਲੋਂ ਆਪਣੀ ਰਿਪੋਰਟ ਵਿਚ ਸੋਈ ਦੀ ਬਜਾਏ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਪੁਨਰ ਸੁਰਜੀਤ ਕਰਨ ਦੀ ਮੰਗ ਉਠਾਈ ਗਈ ਸੀ | ਕਮੇਟੀ ਮੈਂਬਰਾਂ ਨੂੰ ਮਿਲੇ ਸੁਝਾਅ ਵਿਚ ਇਹ ਗੱਲ ਉਭਰ ਕੇ ਸਾਹਮਣੇ ਆਈ ਸੀ ਕਿ ਸੋਈ ਦੀ ਲੀਡਰਸ਼ਿਪ ਨੇ ਪਾਰਟੀ ਨੂੰ ਵੱਡੀ ਢਾਅ ਲਗਾਈ ਹੈ | ਕੇਬਲ ਤੇ ਰੇਟ ਮਾਫ਼ੀਆ ਵਿਚ ਸੋਈ ਲੀਡਰਸ਼ਿਪ ਦੀ ਵੱਡੀ ਦੇਣ ਰਹੀ | ਇਸ ਕਰ ਕੇ ਬਗੈਰ ਦੇਰੀ ਕੀਤੇ ਸੋਈ ਦੀ ਬਜਾਏ ਆਪ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਨੂੰ ਉਭਾਰਿਆ ਜਾਵੇ, ਪਰ ਇਨ੍ਹਾਂ ਸਿਫ਼ਾਰਸ਼ਾਂ ਨੂੰ ਮੰਨ ਕੇ ਸੁਖਬੀਰ ਸਿੰਘ ਬਾਦਲ ਵਲੋਂ ਐਲਾਨ ਕਰਨ ਦੇ ਉਲਟ ਸੋਈ ਨੂੰ ਹੋਰ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਿਜ਼ਨਸ ਸੋਚ ਵਾਲੀ ਸੋਈ 'ਤੇ ਹੀ ਪਹਿਰਾ ਦਿੱਤਾ ਗਿਆ | ਸ: ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਯੂਨੀਵਰਸਿਟੀ ਦੇ 19 ਵਿਭਾਗਾਂ ਵਿਚੋਂ ਸੋਈ ਦਾ ਖਾਤਾ ਵੀ ਨਹੀਂ ਖੁੱਲਿ੍ਹਆ | ਸਭ ਤੋਂ ਸਤਰਕ ਕਾਨੂੰਨ ਵਿਭਾਗ ਵਿਚੋਂ ਸਿਰਫ਼ 29 ਵੋਟ ਮਿਲੇ | ਸੋਈ ਦੀ ਇਸ ਹਾਲਤ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿੱਥੇ ਪੰਜਾਬ ਦੇ ਲੋਕ ਪਹਿਲਾਂ ਹੀ ਸੋਈ ਦੀ ਗੁੰਡਾ ਬਿਰਤੀ ਦੀ ਸਿਆਸੀ ਸਜ਼ਾ ਦੇ ਚੁੱਕੇ ਹਨ, ਹੁਣ ਇਸ ਕੇਬਲ ਮਾਫ਼ੀਆ ਦੀ ਨਰਸਰੀ ਸੋਈ ਨੂੰ ਵਿਦਿਆਰਥੀ ਚੋਣਾਂ ਵਿਚ ਨਕਾਰ ਦਿੱਤਾ ਹੈ | ਇਸ ਦੇ ਨਾਲ ਹੀ ਸਰਦਾਰ ਪੀਰ ਮੁਹੰਮਦ ਨੇ ਕਿਹਾ ਕਿ ਫ਼ੈਡਰੇਸ਼ਨ ਗਰੇਵਾਲ ਦੇ ਪ੍ਰਧਾਨ ਸ: ਗੁਰਚਰਨ ਸਿੰਘ ਗਰੇਵਾਲ ਵਲੋਂ ਸੱਥ ਦੀ ਜਿੱਤ 'ਤੇ ਵਧਾਈ ਦੇਣਾ ਇਸ ਗੱਲ 'ਤੇ ਮੋਹਰ ਲਗਾਉਂਦਾ ਹੈ ਕਿ ਅੱਜ ਉਨ੍ਹਾਂ ਦੀ ਆਤਮਾ ਵੀ ਮੰਨ ਚੁੱਕੀ ਹੈ ਕਿ ਸੋਈ ਕਦੇ ਵੀ ਅਕਾਲੀ ਸੋਚ ਦੀ ਤਰਜਮਾਨੀ ਨਹੀਂ ਕਰ ਸਕਦੀ | ਇਹ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ ਨੇ ਪ੍ਰੈੱਸ ਨੂੰ ਦਿੱਤੀ |