ਭੈਣੀ ਮੀਆਂ ਖਾਂ, 5 ਸਤੰਬਰ (ਜਸਬੀਰ ਸਿੰਘ ਬਾਜਵਾ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਕੋਟਲੀ ਹਰਚੰਦਾ ਵਿਖੇ ਰਾਤ ਸਮੇਂ 6 ਟਰਾਂਸਫ਼ਾਰਮਰਾਂ ਦਾ ਤੇਲ ਚੋਰੀ ਹੋ ਗਿਆ ਹੈ | ਇਸ ਸਬੰਧੀ ਪੀੜਤ ਕਿਸਾਨ ਤਿਲਕ ਰਾਜ ਕੋਟਲੀ ਹਰਚੰਦਾ, ਬਲਵਿੰਦਰ ਸਿੰਘ, ਸਰਵਣ ਸਿੰਘ, ਬਿੰਦਰ ਸਿੰਘ, ਕਸ਼ਮੀਰ ਸਿੰਘ ਸਰਦਾਰ ਸਿੰਘ, ਜੋਗਾ ਸਿੰਘ, ਸਵਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਖੇਤਾਂ ਵਿਚ ਲੱਗੇ ਟਿਊਬਵੈੱਲਾਂ ਨੂੰ ਬਿਜਲੀ ਸਪਲਾਈ ਦੇਣ ਵਾਲੇ 6 ਟਰਾਂਸਫਾਰਮਰਾਂ ਨੂੰ ਤੋੜ ਕੇ ਉਨ੍ਹਾਂ ਵਿਚੋਂ ਕੀਮਤੀ ਤੇਲ ਚੋਰੀ ਕਰ ਲਿਆ ਗਿਆ ਹੈ, ਜਿਸ ਕਾਰਨ ਉਨ੍ਹਾਂ ਦੀ ਬਿਜਲੀ ਸਪਲਾਈ ਠੱਪ ਹੋ ਕੇ ਰਹਿ ਗਈ ਹੈ | ਇਸ ਸਬੰਧੀ ਉਨ੍ਹਾਂ ਵਲੋਂ ਸਬੰਧਿਤ ਥਾਣੇ ਵਿਖੇ ਲਿਖਤੀ ਸੂਚਨਾ ਦੇ ਦਿੱਤੀ ਗਈ ਹੈ | ਇਸ ਸਬੰਧੀ ਐਸ.ਐਚ.ਓ. ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਸਬੰਧੀ ਸੂਚਨਾ ਪ੍ਰਾਪਤ ਹੋ ਗਈ ਹੈ, ਉਹ ਰਾਤ ਦੀ ਗਸ਼ਤ ਵਧਾ ਕੇ ਅਤੇ ਕਿਸਾਨਾਂ ਦੇ ਸਾਥ ਨਾਲ ਇਸ ਚੋਰ ਗਰੋਹ ਉੱਤੇ ਫ਼ੌਰੀ ਤੌਰ 'ਤੇ ਸ਼ਿਕੰਜਾ ਕੱਸਣਗੇ |