ਗੁਰਦਾਸਪੁਰ, 6 ਸਤੰਬਰ (ਚੱਕਰਾਜਾ/ਗੁਰਪ੍ਰਤਾਪ ਸਿੰਘ)-ਬੀਤੇ ਦਿਨੀਂ ਰਾਵੀ ਦਰਿਆ ਵਿਚ ਆਏ ਹੜ੍ਹ ਕਾਰਨ ਦੀਨਾਨਗਰ ਹਲਕੇ ਦੇ ਪਿੰਡ ਗਾਹਲੜੀ ਕੋਲ 2 ਥਾਵਾਂ ਤੋਂ ਧੁੱਸੀ ਬੰਨ੍ਹ ਟੁੱਟ ਗਿਆ ਸੀ | ਧੁੱਸੀ ਬੰਨ੍ਹ ਵਿਚ ਪਏ ਇਨ੍ਹਾਂ ਪਾੜਾਂ ਨੰੂ ਪੂਰਨ ਦਾ ਕੰਮ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਆਪਣੇ ਸਾਥੀਆਂ ਸਮੇਤ ਸ਼ੁਰੂ ਕੀਤਾ ਗਿਆ ਸੀ, ਜਿਸ ਨੰੂ ਅੱਜ ਉਨ੍ਹਾਂ ਵਲੋਂ ਪੂਰਾ ਕਰ ਦਿੱਤਾ ਗਿਆ ਹੈ | ਇਸ ਸਬੰਧੀ ਵਿਧਾਇਕ ਪਾਹੜਾ ਨੇ ਦੱਸਿਆ ਕਿ ਗੁਰਦੁਆਰਾ ਟਾਹਲੀ ਸਾਹਿਬ ਕੋਲ ਧੁੱਸੀ ਬੰਨ੍ਹ 2 ਥਾਵਾਂ ਤੋਂ ਟੁੱਟਾ ਸੀ | ਉਨ੍ਹਾਂ ਦੱਸਿਆ ਕਿ ਇਹ ਪਾੜ ਕਰੀਬ 100 ਫੁੱਟ ਲੰਮਾ ਸੀ | ਜਦੋਂ ਕਿ ਦੂਸਰਾ ਪਾੜ 500 ਫੁੱਟ ਦੇ ਕਰੀਬ ਲੰਮਾ ਅਤੇ 30 ਫੁੱਟ ਦੇ ਕਰੀਬ ਡੂੰਘਾ ਸੀ | ਉਨ੍ਹਾਂ ਦੱਸਿਆ ਕਿ ਧੁੱਸੀ ਬੰਨ੍ਹ ਵਿਚ ਪਏ 100 ਫੁੱਟ ਪਾੜ ਨੰੂ ਪਹਿਲੇ ਦਿਨ ਹੀ ਬੰਨ੍ਹ ਦਿੱਤਾ ਸੀ | ਪਰ 500 ਫੁੱਟ ਵਾਲੇ ਪਾੜ ਨੰੂ ਬੰਦ ਕਰਨ ਦਾ ਕੰਮ ਬੀਤੇ ਸੋਮਵਾਰ ਤੋਂ ਚੱਲ ਰਿਹਾ ਸੀ, ਜਿਸ ਨੰੂ ਅੱਜ ਪੂਰਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਧੁੱਸੀ ਬੰਨ੍ਹ ਨੰੂ ਬੰਨ੍ਹਦੇ ਹੋਏ ਮੀਂਹ ਤੇ ਰਾਵੀ ਦਰਿਆ ਵਿਚ ਪਾਣੀ ਵਧਣ ਕਾਰਨ ਉਨ੍ਹਾਂ ਨੰੂ ਮੁਸ਼ਕਿਲਾਂ ਵੀ ਆਈਆਂ | ਪਰ ਆਿਖ਼ਰ ਵਿਚ ਇਸ ਬੰਨ੍ਹ ਨੰੂ ਬੰਨ੍ਹਣ ਦਾ ਕੰਮ ਪੂਰਾ ਹੋ ਗਿਆ | ਉਨ੍ਹਾਂ ਦੱਸਿਆ ਕਿ ਧੁੱਸੀ ਬੰਨ੍ਹ ਵਿਚ ਪਏ ਇਨ੍ਹਾਂ ਪਾੜਾਂ ਕਾਰਨ ਗੁਰਦਾਸਪੁਰ, ਦੀਨਾਨਗਰ, ਕਲਾਨੌਰ, ਡੇਰਾ ਬਾਬਾ ਨਾਨਕ ਅਤੇ ਰਮਦਾਸ ਤੱਕ ਪਿੰਡਾਂ ਨੰੂ ਭਾਰੀ ਨੁਕਸਾਨ ਝੱਲਣਾ ਪਿਆ ਹੈ | ਜਿਸ ਕਾਰਨ ਇਨ੍ਹਾਂ ਨੰੂ ਤੁਰੰਤ ਬੰਦ ਕਰਨਾ ਜ਼ਰੂਰੀ ਸੀ | ਦੱਸਣਯੋਗ ਹੈ ਕਿ ਜੇ.ਸੀ.ਬੀ ਮਸ਼ੀਨਾਂ, ਟਿੱਪਰਾਂ ਅਤੇ ਹੋਰ ਮਸ਼ੀਨਰੀ ਦਾ ਇੰਤਜ਼ਾਮ ਵਿਧਾਇਕ ਪਾਹੜਾ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਪੱਧਰ 'ਤੇ ਕੀਤਾ ਸੀ | ਇੱਥੋਂ ਤੱਕ ਕਿ ਇਸ ਧੁੱਸੀ ਬੰਨ੍ਹ ਵਿਚ ਪਏ ਪਾੜ ਨੰੂ ਭਰਨ ਲਈ ਸਾਰੀ ਮਿੱਟੀ ਵੀ ਉਨ੍ਹਾਂ ਵਲੋਂ ਆਪਣੇ ਖੇਤਾਂ ਵਿਚੋਂ ਚੁਕਵਾਈ ਸੀ | ਜਦੋਂ ਇਸ ਧੁੱਸੀ ਬੰਨ੍ਹ ਉੱਪਰ ਆਏ ਖ਼ਰਚ ਸਬੰਧੀ ਵਿਧਾਇਕ ਪਾਹੜਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਬਾ ਸੀ ਚੰਦ ਜੀ ਦੀ ਕ੍ਰਿਪਾ ਅਤੇ ਵਰਕਰਾਂ ਦੇ ਸਹਿਯੋਗ ਨਾਲ ਇਹ ਕੰਮ ਪੂਰਾ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਬੰਨ੍ਹ ਦੀ ਮਜ਼ਬੂਤੀ ਲਈ ਇਸ ਵਿਚ ਇੱਟਾਂ ਪੱਥਰ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਇਹ ਬੰਨ੍ਹ ਪੂਰੀ ਮਜ਼ਬੂਤੀ ਨਾਲ ਤਿਆਰ ਹੋਇਆ ਹੈ | ਉਨ੍ਹਾਂ ਵਲੋਂ ਇਸ ਕੰਮ ਵਿਚ ਸਾਥ ਦੇਣ ਵਾਲੀ ਇਲਾਕੇ ਦੀ ਸੰਗਤ ਅਤੇ ਆਪਣੇ ਸਾਥੀਆਂ ਸਮੇਤ ਕੰਮ ਕਰ ਰਹੇ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ |