ਬਟਾਲਾ, 6 ਸਤੰਬਰ (ਰਾਕੇਸ਼ ਰੇਖੀ)-ਕਿਰਾਏ 'ਤੇ ਲਈਆਂ ਨਵੀਆਂ ਲਗਜ਼ਰੀ ਕਾਰਾਂ ਅੱਗੇ ਵੇਚ ਕੇ ਧੋਖਾਧੜੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਥਾਣਾ ਸਦਰ ਦੇ ਏ.ਐੱਸ.ਆਈ. ਸਮਸ਼ੇਰ ਸਿੰਘ ਨੇ ਦੱਸਿਆ ਕਿ ਕਰਮਪਾਲ ਸਿੰਘ ਵਾਸੀ ਚੰਦਰ ਨਗਰ ਮੁਰਗੀ ਮੁਹੱਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਇਕ ਸਕਾਰਪੀਓ ਕਾਰ ਪੀ.ਬੀ.06-ਬੀਕੇ8904, 30 ਮਈ ਨੂੰ ਆਪਣੀ ਮਾਤਾ ਕੁਲਵਿੰਦਰ ਕੌਰ ਦੇ ਨਾਂਅ 'ਤੇ ਨਵੀਂ ਖ਼ਰੀਦੀ ਸੀ | ਐੱਸ.ਏ.ਐੱਸ. ਨਗਰ ਮੁਹਾਲੀ ਦਾ ਰਹਿਣ ਵਾਲਾ ਹਰਵਿੰਦਰ ਸਿੰਘ ਨਾਲ ਉਸ ਦੀ ਕਾਫ਼ੀ ਸਮੇਂ ਤੋਂ ਜਾਣ-ਪਹਿਚਾਣ ਹੈ | ਹਰਵਿੰਦਰ ਸਿੰਘ ਸੰਧੂ ਮੁਹਾਲੀ ਵਿਖੇ ਸੈਲਫ਼ ਡਰਾਇਵਿੰਗ ਗੱਡੀਆਂ ਕਿਰਾਏ 'ਤੇ ਦੇਣ ਦਾ ਕਾਰੋਬਾਰ ਕਰਦਾ ਹੈ | ਹਰਵਿੰਦਰ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਸਰਕਾਰੀ ਟੈਂਡਰ ਭਰ ਕੇ ਗੱਡੀਆਂ ਸੈਲਫ਼ ਡਰਾਈਵਿੰਗ ਬੇਸ 'ਤੇ ਕਿਰਾਏ ਉਤੇ ਦਿੰਦਾ ਹੈ ਅਤੇ ਉਸ ਨੂੰ ਨਵੀਆਂ ਗੱਡੀਆਂ ਦੀ ਸਖ਼ਤ ਜ਼ਰੂਰਤ ਹੈ | ਕਰਮਪਾਲ ਸਿੰਘ ਨੇ ਦੱਸਿਆ ਕਿ ਉਹ ਹਰਵਿੰਦਰ ਸਿੰਘ ਦੀਆਂ ਗੱਲਾਂ ਵਿਚ ਆ ਗਿਆ ਤੇ ਉਸ ਨੇ ਆਪਣੀ ਨਵੀਂ ਸਕਾਰਪੀਓ ਉਸ ਨੂੰ ਦੇਣ ਦੀ ਹਾਮੀ ਭਰ ਦਿੱਤੀ | ਦੋਵਾਂ ਵਿਚ ਉਕਤ ਕਾਰ ਦਾ ਪ੍ਰਤੀ ਮਹੀਨਾ ਕਿਰਾਇਆ 1 ਲੱਖ 30 ਹਜ਼ਾਰ ਰੁਪਏ ਦੇਣਾ ਤਹਿ ਹੋ ਗਿਆ | ਇਸੇ ਤਰ੍ਹਾਂ ਹਰਵਿੰਦਰ ਸਿੰਘ, ਉਸ ਦੀ ਪਤਨੀ ਹਰਦੀਪ ਕੌਰ ਅਤੇ ਭਨੇਵਾਂ ਗੁਰੀ ਨੇ ਉਮਰਪੁਰਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਤੋਂ ਉਸ ਦੀ ਸਕਾਰਪੀਓ ਕਾਰ ਨੰ: ਪੀ.ਬੀ.18-ਜੈੱਡ7100 ਅਤੇ ਚੰਦਰ ਨਗਰ ਮੁਰਗੀ ਮੁਹੱਲਾ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਤੋਂ ਉਸ ਦੀ ਥਾਰ ਰੋਕਸ ਗੱਡੀ ਨੰਬਰ ਪੀ.ਬੀ.06-ਬੀ.ਕੇ.8903 ਵੀ ਲੈ ਲਈਆਂ | ਗੱਡੀਆਂ ਦੀਆਂ ਆਰ.ਸੀ. ਤੇ ਹੋਰ ਕਾਗਜ਼ਾਤਾਂ ਦੀਆਂ ਫੋਟੋ ਕਾਪੀਆਂ ਵੀ ਹਰਵਿੰਦਰ ਸਿੰਘ ਨੇ ਲੈ ਲਈਆਂ | ਹਰਵਿੰਦਰ ਸਿੰਘ ਨੇ ਉਸ ਦੀ ਕਾਰ ਦਾ 1 ਲੱਖ 30 ਹਜ਼ਾਰ ਰੁਪਏ ਕਿਰਾਇਆ 10 ਅਗਸਤ ਤੋਂ ਪਹਿਲਾਂ ਪਾਉਣਾ ਸੀ, ਪਰ ਉਸ ਨੇ ਕਿਰਾਇਆ ਨਹੀਂ ਪਾਇਆ, ਜਦੋਂ ਉਸ ਨੇ ਹਰਵਿੰਦਰ ਸਿੰਘ ਨੂੰ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਉਸ ਦਾ ਫ਼ੋਨ ਨਹੀਂ ਚੁੱਕਿਆ | ਕਰਮਪਾਲ ਸਿੰਘ ਨੇ ਦੋਸ਼ ਲਗਾਇਆ ਕਿ ਹਰਵਿੰਦਰ ਸਿੰਘ ਨੇ ਸਾਰੀਆਂ ਗੱਡੀਆਂ ਦੇ ਜਾਅਲੀ ਕਾਗਜ਼ਾਤ ਤਿਆਰ ਕਰ ਕੇ ਅੱਗੇ ਕਿਤੇ ਵੇਚ ਦਿੱਤੀਆਂ ਹਨ | ਏ.ਐੱਸ.ਆਈ. ਸਮਸ਼ੇਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਹਰਵਿੰਦਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |