ਬਟਾਲਾ, 6 ਸਤੰਬਰ (ਰਾਕੇਸ਼ ਰੇਖੀ)-ਪਿਛਲੇ ਦਿਨੀਂ ਡੇਰਾ ਬਾਬਾ ਨਾਨਕ ਵਿਚ ਰੰਗਦਾਰੀ ਨਾ ਦੇਣ ਕਾਰਨ ਸ਼ੂਟਰਾਂ ਹੱਥੋਂ ਮਾਰੇ ਗਏ ਕਰਿਆਣਾ ਸਟੋਰ ਮਾਲਕ ਰਵੀ ਢਿੱਲੋਂ ਦੇ ਭਰਾ ਤੋਂ 50 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਹੈ | ਪੁਲਿਸ ਨੇ ਇਸ ਸਬੰਧ ਵਿਚ ਮਾਮਲਾ ਦਰਜ ਕੀਤਾ ਹੈ | ਥਾਣਾ ਡੇਰਾ ਬਾਬਾ ਨਾਨਕ ਵਿਚ ਦਰਜ ਮਾਮਲੇ ਦੇ ਜਾਂਚ ਅਧਿਕਾਰੀ ਸਬ-ਇੰਸਪਕੈਟਰ ਕੈਲਾਸ਼ ਚੰਦਰ ਨੇ ਦੱਸਿਆ ਕਿ ਮੁਹੱਲਾ ਅਮਰਦਾਸ ਦੇ ਰਹਿਣ ਵਾਲੇ 53 ਸਾਲ ਦੇ ਲਖਵਿੰਦਰ ਕੁਮਾਰ ਉਰਫ਼ ਲੱਕੀ ਢਿੱਲੋਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਬੀਤੀ 21 ਅਗਸਤ ਨੂੰ ਜਦੋਂ ਉਹ ਆਪਣੇ ਘਰ ਵਿਚ ਸੀ ਤਾਂ ਉਸ ਨੂੰ ਵਿਦੇਸ਼ੀ ਨੰਬਰ ਤੋਂ ਇਕ ਫ਼ੋਨ ਕਾਲ ਆਈ, ਬੋਲਣ ਵਾਲੇ ਨੇ ਖੁਦ ਨੂੰ ਸਮਸ਼ੇਰ ਸਿੰਘ ਉਰਫ਼ ਸ਼ੇਰਾ ਮਾਨ ਦੱਸਦਿਆਂ ਕਿਹਾ ਕਿ ਤੂੰ ਪਹਿਲਾਂ ਹੀ ਆਪਣੇ ਭਰਾ ਨੂੰ ਮਰਵਾ ਕੇ ਨੁਕਸਾਨ ਕਰਵਾ ਲਿਆ ਹੈ | 22 ਅਗਸਤ ਨੂੰ ਰਾਤ ਕਰੀਬ 12 ਵਜੇ ਉਸ ਨੂੰ ਫਿਰ ਫ਼ੋਨ ਕਾਲ ਆਈ ਅਤੇ ਕਿਹਾ ਗਿਆ ਕਿ ਤੁਸੀਂ ਮੇਰੇ ਨਾਲ ਗੱਲ ਮੁਕਾ ਲਵੋ ਅਤੇ 50 ਲੱਖ ਰੁਪਏ ਦੇ ਦਿਓ | ਲਖਵਿੰਦਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਕਾਲ ਕਰਨ ਵਾਲੇ ਨੂੰ ਕਿਹਾ ਕਿ ਉਨ੍ਹਾਂ ਕੋਲ ਏਨਾ ਪੈਸਾ ਨਹੀਂ ਹੈ, ਤੁਹਾਨੂੰ ਕਿਸੇ ਨੇ ਸਾਡੇ ਬਾਰੇ ਗਲਤ ਜਾਣਕਾਰੀ ਦਿੱਤੀ ਹੈ | ਇਸ ਤੋਂ ਬਾਅਦ ਫਿਰ 1 ਸਤੰਬਰ ਨੂੰ ਫ਼ੋਨ ਕਾਲ ਕੀਤੀ ਗਈ, ਪਰ ਉਸ ਨੇ ਅਟੈਂਡ ਨਹੀਂ ਕੀਤੀ | ਕਾਲ ਕਰਨ ਵਾਲੇ ਨੇ ਉਸ ਦੇ ਬੇੇਟੇ ਦੀ ਫ਼ੋਟੋ ਲਗਾ ਕੇ ਚੈਟ ਭੇਜ ਕੇ ਜਾਨੀ ਨੁਕਸਾਨ ਕਰਨ ਦੀ ਧਮਕੀ ਦਿੱਤੀ | ਸਬ-ਇੰਸਪੈਕਟਰ ਕੈਲਾਸ਼ ਚੰਦਰ ਨੇ ਦੱਸਿਆ ਕਿ ਇਸ ਸਬੰਧ ਵਿਚ ਮਾਮਲਾ ਦਰਜ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ |