ਗੁਰਦਾਸਪੁਰ, 23 ਸਤੰਬਰ (ਗੁਰਪ੍ਰਤਾਪ ਸਿੰਘ)-ਹੜ੍ਹਾਂ ਤੇ ਲਗਾਤਾਰ ਮੀਂਹ ਪੈਣ ਕਾਰਨ ਢਹਿ ਗਏ ਘਰਾਂ, ਘਰਾਂ ਦੀਆਂ ਕੰਧਾਂ 'ਚ ਪਈਆਂ ਤਰੇੜਾਂ, ਕੰਮਾਂ ਤੋਂ ਵਾਂਝੇ ਹੋਏ ਮਜ਼ਦੂਰਾਂ ਨੂੰ ਬਣਦਾ ਮੁਆਵਜ਼ਾ ਦਿਵਾਉਣ ਤੇ ਮਗਨਰੇਗਾ ਤਹਿਤ ਪਿੰਡਾਂ 'ਚ ਕੰਮ ਚਲਾਉਣ ਆਦਿ ਮੰਗਾਂ ਨੂੰ ਲੈ ਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵਲੋਂ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਰੈਲੀ ਕੀਤੀ ਗਈ | ਰੈਲੀ ਉਪਰੰਤ ਯੂਨੀਅਨ ਦਾ ਇਕ ਵਫ਼ਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲਿਆ ਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ | ਹੜ੍ਹਾਂ ਦੀ ਮਾਰ ਹੇਠ ਆਏ ਦੋਰਾਂਗਲਾ, ਗੁਰਦਾਸਪੁਰ ਤੇ ਦੀਨਾਨਗਰ ਬਲਾਕ ਦੇ ਜਿਨ੍ਹਾਂ ਪਿੰਡਾਂ ਦੀ ਸੁਣਵਾਈ ਨਹੀਂ ਹੋਈ, ਉਨ੍ਹਾਂ ਪਿੰਡਾਂ ਦੀਆਂ ਲਿਸਟਾਂ ਜਮਾਂ ਕਰਵਾਈਆਂ ਗਈਆਂ | ਡੀ.ਸੀ ਗੁਰਦਾਸਪੁਰ ਨੂੰ ਮਿਲਣ ਤੋਂ ਪਹਿਲਾਂ ਗੁਰੂ ਨਾਨਕ ਪਾਰਕ ਵਿਖੇ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਕਨਵੀਨਰ ਬਿਮਲ ਕੌਰ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਸਕੱਤਰ ਗੁਰਵਿੰਦਰ ਸਿੰਘ, ਜਿਲਾ ਜਥੇਬੰਦਕ ਆਗੂ ਰਸ਼ਪਾਲ ਸਿੰਘ, ਬੂਟਾ ਰਾਮ ਅਤੇ ਮਨੀਰ ਮਸੀਹ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਅਤੇ ਲਗਾਤਾਰ ਮੀਂਹ ਪੈਣ ਕਾਰਨ ਮਜ਼ਦੂਰ ਦਿਹਾੜੀਆਂ ਤੋਂ ਵਾਂਝੇ ਰਹੇ ਹਨ | ਜਿਸ ਕਰਕੇ ਉਨ੍ਹਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ |