ਡੇਰਾ ਬਾਬਾ ਨਾਨਕ, 24 ਸਤੰਬਰ (ਵਿਜੇ ਸ਼ਰਮਾ, ਹੀਰਾ ਸਿੰਘ ਮਾਂਗਟ)-ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਦਰਿਆ ਰਾਵੀ ਦੇ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਵਲੋਂ ਪਿੰਡ ਧਰਮਕੋਟ ਰੰਧਾਵਾ ਵਿਖੇ ਪਿਛਲੇ 25 ਦਿਨਾਂ ਤੋਂ ਨਿਰੰਤਰ ਸੇਵਾ ਨਿਭਾਈ ਜਾ ਰਹੀ ਹੈ | ਇਕ ਗੱਲਬਾਤ ਦੌਰਾਨ ਟੀਮ ਦੇ ਮੈਂਬਰ ਅੰਗਰੇਜ਼ ਸਿੰਘ ਗੋਰਾ, ਮਨਿੰਦਰ ਸਿੰਘ ਤਰਨਤਾਰਨ, ਸੰਚਾਲਕ ਗੁਰਲਾਲ ਸਿੰਘ ਅਤੇ ਚਰਨਜੀਤ ਸਿੰਘ ਭਿੰਡਰ ਨੇ ਦੱਸਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਵਲੋਂ ਸਰਹੱਦੀ ਪਿੰਡ ਧਰਮਕੋਟ ਰੰਧਾਵਾ ਵਿਖੇ ਪਿਛਲੇ 25 ਦਿਨਾਂ ਤੋਂ ਹੜ੍ਹ ਪੀੜਤ ਪਰਿਵਾਰਾਂ ਨੂੰ ਮੰਜੇ, ਬਿਸਤਰੇ, ਗੈਸ ਚੱੁਲੇ, ਆਟਾ, ਚੌਲ, ਕਣਕ ਅਤੇ ਹੋਰ ਘਰੇਲੂ ਜ਼ਰੂਰਤ ਦੇ ਸਾਮਾਨ ਦੀ ਵੰਡ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਦੀ ਸੋਚ ਅਨੁਸਾਰ ਹੜ੍ਹ ਪੀੜਤ ਲੋਕਾਂ ਦੀ ਸੇਵਾ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਇਹ ਲੋਕ ਆਪਣੇ ਪੈਰਾਂ ਉੱਪਰ ਖੜੇ ਨਹੀਂ ਹੋ ਜਾਂਦੇ | ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ ਕਿਸਾਨ ਵੀਰਾਂ ਦੀਆਂ ਜ਼ਮੀਨਾਂ ਨੂੰ ਹੋਏ ਨੁਕਸਾਨ ਨੂੰ ਵਾਹੀਯੋਗ ਬਨਾਉਣ ਅਤੇ ਘਰਾਂ ਦੀ ਮੁਰੰਮਤ ਕੀਤੇ ਜਾਣ ਦੀ ਸੇਵਾ ਨਿਰੰਤਰ ਜਾਰੀ ਰਹੇਗੀ | ਉਨ੍ਹਾਂ ਦੱਸਿਆ ਕਿ ਕੋਈ ਵੀ ਹੜ੍ਹ ਪੀੜਤ ਪਰਿਵਾਰ ਉਨ੍ਹਾਂ ਨਾਲ ਸੰਪਰਕ ਕਰਕੇ ਸਾਡੀ ਸੰਸਥਾ ਦੀ ਮਦਦ ਲੈ ਸਕਦਾ ਹੈ |