ਪਠਾਨਕੋਟ, 26 ਸਤੰਬਰ (ਸੰਧੂ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਠਾਨਕੋਟ ਨੇ ਅਖੰਡ ਮਾਨਵਤਾਵਾਦ ਦੇ ਮੋਢੀ ਪੰਡਿਤ ਦੀਨਦਿਆਲ ਉਪਾਧਿਆਏ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਦਿਲੋਂ ਸ਼ਰਧਾਂਜਲੀ ਦੇਣ ਲਈ ਵਿਸ਼ਾਲ ਇਕੱਠ ਦਾ ਆਯੋਜਨ ਕੀਤਾ | ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਮਾਰਗ 'ਤੇ ਸਥਿਤ ਨੇਚਰ ਪਾਰਕ ਵਿਖੇ ਸ਼ਰਧਾਂਜਲੀ ਸਮਾਗਮ ਦੀ ਪ੍ਰਧਾਨਗੀ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੇ ਕੀਤੀ | ਸ਼ਰਧਾਂਜਲੀ ਸਮਾਗਮ 'ਚ ਉੱਤਰੀ ਡਵੀਜ਼ਨ ਦੇ ਪ੍ਰਧਾਨ ਨਿਪੁਨ ਗੁਪਤਾ ਤੇ ਦੱਖਣੀ ਡਵੀਜ਼ਨ ਦੇ ਪ੍ਰਧਾਨ ਅਮਨ ਸ਼ਰਮਾ ਸ਼ਾਮਿਲ ਸਨ | ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੇ ਕਿਹਾ ਕਿ ਪੰਡਿਤ ਦੀਨਦਿਆਲ ਦਾ ਜੀਵਨ ਸਾਡੇ ਸੰਗਠਨ ਦੀ ਨੀਂਹ ਹੈ | ਉਨ੍ਹਾਂ ਦਾ ਬਲੀਦਾਨ ਤੇ ਸਾਦਗੀ ਸਾਨੂੰ ਅੱਜ ਵੀ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਹੈ | ਇਹ ਸਾਡੇ ਸਾਰੇ ਵਰਕਰਾਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਦੁਆਰਾ ਦਿਖਾਏ ਗਏ ਰਸਤੇ 'ਤੇ ਚੱਲਦੇ ਰਹੀਏ | ਇਸ ਮੌਕੇ ਸੀਨੀਅਰ ਆਗੂ ਸਤੀਸ਼ ਮਹਾਜਨ, ਸਾਬਕਾ ਮੰਡਲ ਪ੍ਰਧਾਨ ਸ਼ਮਸ਼ੇਰ ਠਾਕੁਰ, ਰੋਹਿਤ ਪੁਰੀ, ਵਿਜੇ ਕਾਟਲ, ਸੰਜੀਵ ਪਰਮਾਰ, ਅਰੁਣ ਮਹਾਜਨ, ਰਾਜ ਕੁਮਾਰ ਰਾਜੂ, ਐਡਵੋਕੇਟ ਲਵਨੀਸ਼ ਕੁਮਾਰ ਆਦਿ ਮੌਜੂਦ ਸਨ |