ਘਰੋਟਾ, 1 ਨਵੰਬਰ (ਸੰਜੀਵ ਗੁਪਤਾ)- ਬਲਾਕ ਦੇ ਪਿੰਡ ਛਾਵਲਾ ਵਿਖੇ ਖਾਲ ਨਜ਼ਦੀਕ ਪੁਲ ਦੇ ਢਹਿ ਜਾਣ ਕਾਰਨ ਇਲਾਕੇ ਦੇ ਲੋਕਾਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ | ਇਸ ਪੁਲ ਦੇ ਢਹਿ ਜਾਣ ਨਾਲ ਲਗਪਗ 100 ਏਕੜ ਜ਼ਮੀਨ ਪ੍ਰਭਾਵਿਤ ਹੋ ਗਈ ਹੈ | ਉਸ ਪਾਰ ਗੰਨੇ ਦੀ ਤਿਆਰ ਫ਼ਸਲ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ | ਕਿਸਾਨਾਂ ਨੂੰ ਡਰ ਹੈ ਕਿ ਜੇਕਰ ਸਮੇਂ ਸਿਰ ਹੱਲ ਨਾ ਹੋਇਆ ਤਾਂ ਫ਼ਸਲ ਨਸ਼ਟ ਹੋ ਸਕਦੀ ਹੈ ਜਦਕਿ ਗੰਨਾ ਮਿਲ ਵੀ ਇਸ ਮਹੀਨੇ ਤੋਂ ਸ਼ੁਰੂ ਹੋਣੀ ਹੈ | ਯਾਦ ਰਹੇ ਕਿ ਇਹ ਪੁਲ ਸਾਲ 2015-16 ਦੇ ਕਰੀਬ ਮਨਰੇਗਾ ਤੇ ਹੋਰ ਗਰਾਂਟਾਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਸੀ ਜਿਸ ਨਾਲ ਛਾਵਲਾ ਤੇ ਆਸ-ਪਾਸ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਸੀ ਪਰ ਪਿਛਲੇ ਦਿਨਾਂ ਵਿਚ ਹੋਈ ਲਗਾਤਾਰ ਬਾਰਸ਼ ਅਤੇ ਖਾਲ ਵਿਚ ਆਏ ਵੱਧ ਪਾਣੀ ਨੇ ਇਸ ਪੁਲ ਨੂੰ ਵੀ ਆਪਣੇ ਲਪੇਟ ਵਿਚ ਲੈ ਲਿਆ, ਇਸ ਨਾਲ ਸਿਰਫ਼ ਕਿਸਾਨ ਹੀ ਨਹੀਂ, ਸਗੋਂ ਪੂਰੇ ਇਲਾਕੇ ਦੇ ਵਸਨੀਕ ਪ੍ਰਭਾਵਿਤ ਹੋਏ ਹਨ | ਪਿੰਡ ਦੇ ਸਰਪੰਚ ਮਨਮੋਹਨ ਸਿੰਘ ਨੇ ਦੱਸਿਆ ਕਿ ਪੁਲ ਢਹਿ ਜਾਣ ਨਾਲ ਨਾ ਸਿਰਫ਼ ਗੰਨੇ ਦੀ ਫ਼ਸਲ ਨੂੰ ਨੁਕਸਾਨ ਪਹੁੰਚ ਰਿਹਾ ਹੈ, ਸਗੋਂ ਪੰਚਾਇਤ ਦੀ ਜ਼ਮੀਨ ਤੇ ਬੱਚਿਆਂ ਦੇ ਖੇਡ ਮੈਦਾਨ ਤੱਕ ਜਾਣ ਦਾ ਰਸਤਾ ਵੀ ਬੰਦ ਹੋ ਗਿਆ ਹੈ | ਇਸ ਤੋਂ ਇਲਾਵਾ ਪਸ਼ੂਆਂ ਲਈ ਚਾਰੇ ਤੋਂ ਇਲਾਵਾ ਆਵਾਜਾਈ ਵੀ ਰੁਕ ਗਈ ਹੈ ਤੇ ਲੋਕ ਦੁੱਗਣੀ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ | ਇਸ ਮਾਮਲੇ ਵਿਚ ਪਿੰਡ ਦੇ ਨਿਵਾਸੀ ਕਿਸ਼ਨ ਸਿੰਘ, ਅਜੀਤ ਸਿੰਘ, ਨਰੇਸ਼ ਪਾਲ, ਰਣਵੀਰ ਸਿੰਘ, ਸੁਰੇਨ ਸਿੰਘ, ਪ੍ਰਨੀਤ ਸਿੰਘ ਤੇ ਕਮਲਦੀਪ ਸਿੰਘ ਆਦਿ ਨੇ ਪ੍ਰਸ਼ਾਸਨ ਤੇ ਸਬੰਧਿਤ ਵਿਭਾਗਾਂ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ | ਲੋਕਾਂ ਨੇ ਮੰਤਰੀ ਲਾਲ ਚੰਦ ਕਟਾਰੂਚੱਕ ਤੋਂ ਇਸ ਸਮੱਸਿਆ ਦਾ ਤੁਰੰਤ ਹੱਲ ਕੱਢਣ ਦੀ ਗੁਹਾਰ ਲਗਾਈ ਹੈ |