ਧਿਆਨਪੁਰ, 3 ਨਵੰਬਰ (ਕੁਲਦੀਪ ਸਿੰਘ)- ਲੰਮੇ ਸਮੇਂ ਤੋਂ ਸਿਰ 'ਤੇ ਕਰਜ਼ੇ ਦੀ ਪੰਡ ਬੰਨ੍ਹ ਨਿਰਾਸ਼ਾ ਅਤੇ ਗਮੀ ਭਰੀ ਜ਼ਿੰਦਗੀ ਬਤੀਤ ਕਰ ਰਹੇ ਕਿਸਾਨਾਂ ਦੇ ਆਖਰ ਕਦੋਂ ਦਿਨ ਸੁਧਰਨਗੇ | ਆਖ਼ਰ ਉਹ ਕਦੋਂ ਤੱਕ ਸਰਕਾਰ ਦੀਆਂ ਗਲਤ ਨੀਤੀਆਂ ਦੀ ਚੱਕੀ ਵਿਚ ਪਿਸਦੇ ਰਹਿਣਗੇ | ਇਹ ਤਾਂ ਰੱਬ ਹੀ ਜਾਣਦਾ ਹੈ, ਕਿਉਂਕਿ ਜੇਕਰ ਉਹ ਪਰਾਲੀ ਨੂੰ ਅੱਗ ਲਗਾਉਂਦੇ ਹਨ ਤਾਂ ਪਰਚੇ, ਨਹੀਂ ਲਗਾਉਂਦੇ ਤਾਂ ਖ਼ਰਚੇ, ਆਖ਼ਰ ਉਹ ਕਰਨ ਤਾਂ ਕੀ ਕਰਨ? ਕਿਸਾਨ ਇਸ ਮੌਕੇ ਜੇਕਰ ਕਣਕ ਦੀ ਬਿਜਾਈ ਕਰਨ ਤੋਂ ਪਹਿਲਾਂ ਪਰਾਲੀ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚੋਂ ਬਾਹਰ ਕੱਢਣ ਲਈ ਕੋਈ ਮਸ਼ੀਨਰੀ ਦੀ ਵਰਤੋਂ ਕਰਦਾ ਹੈ ਤਾਂ ਪਹਿਲੀ ਗੱਲ ਹਰ ਇਕ ਨੂੰ ਆਸਾਨੀ ਨਾਲ ਮਸ਼ੀਨਰੀ ਮਿਲਦੀ ਨਹੀਂ ਅਤੇ ਜੇਕਰ ਮਿਲ ਵੀ ਜਾਵੇ ਤਾਂ ਤੇਲ ਤੇ ਮਜ਼ਦੂਰੀ ਤੋਂ ਇਲਾਵਾ ਸਮਾਂ ਤੇ ਮਿਹਨਤ ਬਹੁਤ ਲਗਦੀ ਹੈ | ਕਿਸਾਨ ਜੇਕਰ ਖੇਤਾਂ ਵਿਚੋਂ ਪਰਾਲੀ ਦੇ ਰਹਿੰਦ-ਖੂੰਹਦ ਨੂੰ ਬਾਹਰ ਕੱਢਣ ਲਈ ਆਪਣੇ ਨਾਲ ਕਾਮੇ ਲਗਾਉਂਦੇ ਹਨ ਤਾਂ ਉਸ 'ਤੇ ਵੀ ਖਰਚਾ ਆਵੇਗਾ | ਕਿਸਾਨ ਆਰਥਿਕ ਪੱਖੋਂ ਹੋਰ ਕਮਜ਼ੋਰ ਹੋਣਗੇ | ਸਭ ਤੋਂ ਵੱਡੀ ਮੁਸੀਬਤ ਕਿ ਉਸ ਰਹਿੰਦ-ਖੂੰਹਦ ਨੂੰ ਆਖਰ ਸੁੱਟਣਾ ਕਿੱਥੇ ਹੈ ਜਿਸ ਕਰ ਕੇ ਬਹੁਤ ਕਿਸਾਨ ਚੋਰੀ-ਛਿਪੇ ਪਰਾਲੀ ਨੂੰ ਅੱਗ ਤਾਂ ਲਗਾਉਂਦੇ ਹਨ, ਜਿਸ ਕਰ ਕੇ ਉਨ੍ਹਾਂ 'ਤੇ ਪਰਚੇ ਵੀ ਹੁੰਦੇ ਹਨ ਤੇ ਉਨ੍ਹਾਂ 'ਤੇ ਮੋਟੇ-ਮੋਟੇ ਜੁਰਮਾਨੇ ਵੀ ਲਗਦੇ ਹਨ | ਹੁਣ ਕਿਸਾਨ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਤੇ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਵੀ ਆਪਣੇ ਪਿੰਡੇ 'ਤੇ ਹੰਢਾਅ ਰਿਹਾ ਹੈ | ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਦਰਦ ਨੂੰ ਪਹਿਚਾਣ ਕੇ ਕੋਈ ਇਹੋ ਜਿਹਾ ਹੱਲ ਕੱਢਣ ਜਿਸ ਨਾਲ ਇਕ ਤਾਂ ਕਿਸਾਨਾਂ ਨੂੰ ਕੋਈ ਮੁਨਾਫ਼ਾ ਮਿਲ ਸਕੇ, ਦੂਸਰਾ ਕਿਸਾਨ ਪਰਚਿਆਂ ਤੋਂ ਬਚ ਸਕਣ | ਪਰਾਲੀ ਦੀ ਰਹਿੰਦ-ਖੂੰਹਦ ਨੂੰ ਸਰਕਾਰੀ ਜਾਂ ਪ੍ਰਾਈਵੇਟ ਤੌਰ 'ਤੇ ਗੱਤਾ ਬਣਾਉਣ ਜਾਂ ਹੋਰ ਕੋਈ ਕੰਮ ਲਈ ਵਰਤੋਂ ਨਾਲ ਕੰਪਨੀਆਂ ਤੇ ਸਰਕਾਰਾਂ ਨੂੰ ਫਾਇਦਾ ਹੋਵੇਗਾ ਤੇ ਦੂਸਰਾ ਕਿਸਾਨ ਵੀ ਖੁਸ਼ਹਾਲ ਹੋਣਗੇ ਤੇ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ |