ਗੁਰਦਾਸਪੁਰ, 4 ਨਵੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਅੰਦਰ ਟਰੈਫ਼ਿਕ ਦੀ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਤਿੱਬੜੀ ਚੌਕ ਵਿਚ ਬੇਤਰਤੀਬੇ ਬਣਾਏ ਗਏ ਸਪੀਡ ਬਰੇਕਰ ਉਲਟਾ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਇਨ੍ਹਾਂ ਸਪੀਡ ਬਰੇਕਰਾਂ ਦੀ ਉਚਾਈ ਜ਼ਿਆਦਾ ਹੋਣ ਕਾਰਨ ਦੋ ਪਹੀਆ ਵਾਹਨ ਚਾਲਕਾਂ ਦਾ ਇੱਥੋਂ ਲੰਘਣਾ ਕਾਫ਼ੀ ਔਖਾ ਹੋਇਆ ਹੈ | ਜ਼ਿਕਰਯੋਗ ਹੈ ਕਿ ਤਿੱਬੜੀ ਰੋਡ 'ਤੇ ਰੇਲਵੇ ਲਾਈਨ ਹੇਠ ਅੰਡਰ ਬਿ੍ਜ ਬਣਾਇਆ ਗਿਆ ਹੈ, ਜਿਸ 'ਤੇ ਦੋ ਸਾਲ ਦੇ ਕਰੀਬ ਸਮਾਂ ਅਤੇ ਲਗਪਗ 14 ਕਰੋੜ ਰੁਪਏ ਖ਼ਰਚ ਆਏ ਸਨ, ਜਿਸ ਨਾਲ ਰੇਲਵੇ ਫਾਟਕ ਦੇ ਬੰਦ ਰਹਿਣ ਕਾਰਨ ਜਿੱਥੇ ਲੋਕਾਂ ਨੂੰ ਕਾਫੀ ਮੁਸ਼ਕਿਲ ਪੇਸ਼ ਆਉਂਦੀ ਸੀ, ਉੱਥੇ ਨਵੇਂ ਬਣੇ ਬੱਸ ਸਟੈਂਡ 'ਤੇ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਕਾਫੀ ਰਾਹਤ ਮਿਲੀ ਹੈ | ਹੁਣ ਸਬੰਧਿਤ ਵਿਭਾਗ ਵਲੋਂ ਅੰਡਰਬਿ੍ਜ ਤਿੱਬੜੀ ਰੋਡ ਨੂੰ ਜਾਂਦੀ ਸੜਕ ਵਿਚ ਬੇਤਰਤੀਬੇ ਸਪੀਡ ਬਰੇਕਰ ਬਣਾ ਦਿੱਤੇ ਗਏ ਹਨ, ਜਿਨ੍ਹਾਂ ਤੋਂ ਲੰਘਣਾ ਵਾਹਨ ਚਾਲਕਾਂ ਲਈ ਬੇਹੱਦ ਔਖਾ ਹੈ | ਇਹ ਸਪੀਡ ਬਰੇਕਰ ਕਾਫੀ ਉੱਚੇ ਬਣਾ ਦਿੱਤੇ ਗਏ ਹਨ, ਜਿਸ ਨਾਲ ਦੋ ਪਹੀਆ ਵਾਹਨ ਚਾਲਕ ਬੜੀ ਮੁਸ਼ਕਿਲ ਨਾਲ ਇੱਥੋਂ ਗੁਜ਼ਰਦੇ ਹਨ ਅਤੇ ਉਨ੍ਹਾਂ ਦੇ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਇਸ ਤੋਂ ਇਲਾਵਾ ਕਈ ਓਵਰਲੋਡ ਚਾਰ ਪਹੀਆ ਚਾਲਕਾਂ ਅਤੇ ਰਿਕਸ਼ੇ 'ਤੇ ਬੈਠੀਆਂ ਸਵਾਰੀਆਂ ਨੂੰ ਇੱਥੋਂ ਲੰਘਣ ਸਮੇਂ ਕਾਫੀ ਮੁਸ਼ਕਿਲ ਪੇਸ਼ ਆਉਂਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਵਲੋਂ ਇਨ੍ਹਾਂ ਸਪੀਡ ਬਰੇਕਰਾਂ ਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ ਤਾਂ ਜੋ ਕੋਈ ਵੀ ਹਾਦਸਾ ਨਾ ਵਾਪਰ ਸਕੇ |