ਧਾਰੀਵਾਲ, 4 ਨਵੰਬਰ (ਜੇਮਸ ਨਾਹਰ)-ਸ਼ਾਂਤੀ ਦੀ ਰਾਣੀ ਮਾਂ ਮਰੀਅਮ ਦਾ ਸਾਲਾਨਾ ਪਵਿੱਤਰ ਤਿਓਹਾਰ ਮਰੀਅਮ ਧਾਮ, ਸੇਂਟ ਮੇਰੀਜ਼ ਕੈਥੀਡਰਲ, ਜਲੰਧਰ ਛਾਉਣੀ ਵਿਖੇ ਪੰਜਾਬ ਸਮੇਤ ਹੋਰ ਸੂਬਿਆਂ ਵਲੋਂ ਬੜੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਦੇ ਪੈਰਿਸ ਪਰੀਸਟ ਅਤੇ ਡੀਨ ਰੈਵ: ਫਾਦਰ ਜੋਸ ਪਡਿਆਟੀ ਦੀ ਅਗਵਾਈ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਮਾਂ ਮਰੀਅਮ ਕੋਲੋਂ ਅਸ਼ੀਰਵਾਦ ਹਾਸਲ ਕੀਤਾ ਤੇ ਬੜੀ ਸ਼ਰਧਾ ਭਾਵਨਾ ਨਾਲ ਮਾਂ ਮਰੀਅਮ ਦੇ ਪਵਿੱਤਰ ਤਿਉਹਾਰ ਨੂੰ ਮਨਾਇਆ | ਇਹ ਜਾਣਕਾਰੀ ਡਾਇਓਸਿਸ ਆਫ ਜਲੰਧਰ ਤੋਂ ਲੇਟੀ ਕਮਿਸ਼ਨ ਦੇ ਮੈਂਬਰ ਰਕੇਸ਼ ਵਿਲੀਅਮ ਨੇ ਸਾਂਝੀ ਕਰਦਿਆਂ ਦੱਸਿਆ ਕਿ ਇਸ ਪਵਿੱਤਰ ਤਿਉਹਾਰ ਵਿਚ ਅਤਿ ਸਤਿਕਾਰਯੋਗ ਡਾ. ਸਹਾਯਾ ਬਦੇਉਸ ਬਿਸ਼ਪ ਸ਼ਿਮਲਾ ਚੰਡੀਗੜ੍ਹ ਡਾਇਓਸਿਸ ਅਤੇ ਜਲੰਧਰ ਡਾਇਓਸਿਸ ਦੇ ਅਤਿ ਸਤਿਕਾਰਯੋਗ ਬਿਸ਼ਪ ਡਾ. ਜੋਸ ਸੇਬਾਸਟੀਅਨ ਤੇ ਨਵ-ਨਿਯੁਕਤ ਵਿਕਰ ਜਨਰਲ (ਵੀ. ਜੀ.) ਮਾਇਕਲ ਅਨੀ ਨੇ ਮੱੁਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਫਾਦਰ ਜੋਸ ਪਡਿਆਟੀ ਸਮੇਤ ਮੁੱਖ ਮਹਿਮਾਨ ਬਿਸ਼ਪ ਸਾਹਿਬਾਨਾਂ ਨਾਲ ਸੰਤਾਂ ਦੀ ਜੀਵਨੀ 'ਤੇ ਅਧਾਰਿਤ ਮਸੀਹ ਲਿਟਰੇਚਰ ਸਾਂਝੇ ਤੌਰ 'ਤੇ ਜਾਰੀ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੀ ਜੀਵਨੀ ਨੂੰ ਪੜ੍ਹ ਕੇ ਭਵਿੱਖ ਵਿਚ ਹਰ ਇਕ ਵਿਅਕਤੀ ਨੂੰ ਵੱਡਾ ਲਾਭ ਪ੍ਰਾਪਤ ਹੋਵੇਗਾ |