ਗੁਰਦਾਸਪੁਰ, 22 ਨਵੰਬਰ (ਗੁਰਪ੍ਰਤਾਪ ਸਿੰਘ)-ਅੱਜ ਵੱਖ-ਵੱਖ ਟਰੇਡ ਯੂਨੀਅਨ ਦੇ ਆਗੂਆਂ ਨੇ ਸਾਂਝੇ ਤੌਰ 'ਤੇ ਸਥਾਨਕ ਬਹਿਰਾਮਪੁਰ ਰੋਡ ਵਿਖੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਚਾਰ ਕਿਰਤ ਕੋਡਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਮੌਕੇ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਇਨ੍ਹਾਂ ਕਿਰਤ ਸੁਧਾਰਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਕਦਮ ਮਜ਼ਦੂਰ ਵਿਰੋਧੀ ਹੈ ਅਤੇ ਮਾਲਕਾਂ ਦੀ ਹਮਾਇਤ ਕਰਦਾ ਹੈ | ਆਗੂਆਂ ਨੇ ਕਿਹਾ ਕਿ ਚਾਰ ਲੇਬਰ ਕੋਡ ਕੇਂਦਰ ਸਰਕਾਰ ਦੀ ਮਨਮਾਨੀ ਹੈ ਅਤੇ ਇਹ ਗੈਰ-ਜਮਹੂਰੀ ਨੋਟੀਫਿਕੇਸ਼ਨ ਸਾਰੀਆਂ ਜਮਹੂਰੀ ਕਦਰਾਂ ਕੀਮਤਾਂ ਦੀ ਉਲੰਘਣਾ ਕਰਦਾ ਹੈ | ਇਸ ਨੇ ਭਾਰਤ ਦੇ ਲੋਕ ਭਲਾਈ ਰਾਜ ਦਾ ਚਰਿੱਤਰ ਖਤਮ ਕਰ ਦਿੱਤਾ ਹੈ | ਆਗੂਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਚਾਰ ਕਿਰਤ ਕੋਡਾਂ ਖ਼ਿਲਾਫ਼ ਸੰਘਰਸ਼ ਲੜਿਆ ਜਾਵੇਗਾ | ਇਸ ਮੌਕੇ ਇਫਟੂ ਦੇ ਸੂਬਾਈ ਆਗੂ ਜਗਿੰਦਰ ਪਾਲ ਪਨਿਆੜ, ਸੁਖਦੇਵ ਰਾਜ ਬਹਿਰਾਮਪੁਰ, ਜੁਗਿੰਦਰ ਘੁਰਾਲਾ, ਸੀ.ਟੀ.ਯੂ. ਤੋਂ ਧਿਆਨ ਸਿੰਘ ਠਾਕੁਰ, ਸ਼ਿਵ ਕੁਮਾਰ ਤੇ ਜਸਵੰਤ ਸਿੰਘ, ਏਟਕ ਤੋਂ ਸੁਭਾਸ਼ ਕੈਰੇ ਤੇ ਸੋਹਨ ਲਾਲ, ਏਕਟੂ ਤੋਂ ਸੋਬੀ ਮਸੀਹ ਤੇ ਹੋਰ ਸਾਥੀ ਹਾਜ਼ਰ ਸਨ |