ਬਟਾਲਾ, 22 ਨਵੰਬਰ (ਸਤਿੰਦਰ ਸਿੰਘ)- ਸੀ.ਪੀ.ਆਈ. ਐਮ.ਐਲ. ਲਿਬਰੇਸ਼ਨ ਦੀ ਮਾਝਾ ਦੋਆਬਾ ਪੱਧਰ ਦੀ ਵਿਸਥਾਰੀ ਮੀਟਿੰਗ 'ਚ ਦੇਸ਼ ਤੇ ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤ ਦੀ ਸਮੀਖਿਆ ਕੀਤੀ ਗਈ | ਇਸ ਸੰਬੰਧੀ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਭਾਰਤ ਦੀ ਸਰਕਾਰ ਦੇ ਮੁਖੀਆਂ ਮੋਦੀ-ਸ਼ਾਹ ਵਲੋਂ ਕਮਿਊਨਿਸਟਾਂ ਨੂੰ ਮਾਊਵਾਦੀ ਕਹਿ ਕੇ ਲਗਾਤਾਰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਜਾਣ ਦੀਆਂ ਕਾਰਵਾਈਆਂ ਦਾ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ ਤੇ ਯੂਨਾਈਟਿਡਨੇਸ਼ਨ ਦੇ ਮਨੁੱਖੀ ਅਧਿਕਾਰ ਵਿੰਗ ਨੂੰ ਗੰਭੀਰ ਸੰਗਿਆਨ ਲੈਣਾ ਚਾਹੀਦਾ ਹੈ ਕਿਉਂਕਿ ਦੇਸ਼ ਦਾ ਗ੍ਰਹਿ ਮੰਤਰੀ ਬਾਰ-ਬਾਰ ਵੰਗਾਰ ਚੁੱਕਾ ਹੈ ਕਿ ਮਾਰਚ 2026 ਤੱਕ ਭਾਰਤ 'ਚੋਂ ਮਾਉਵਾਦੀਆਂ ਦਾ ਖਾਤਮਾ ਕਰ ਦਿੱਤਾ ਜਾਵੇਗਾ ਜਿਸ ਦਾ ਅਰਥ ਕਰੋੜਾਂ ਕਬਾਇਲੀਆਂ ਦੇ ਜਲ, ਜੰਗਲ, ਜ਼ਮੀਨ ਦੇ ਪਹਿਰੇਦਾਰਾਂ ਨੂੰ ਮਾਰ ਮੁਕਾ ਕੇ ਇਸ ਉਪਰ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ ਹੈ | ਲਿਬਰੇਸ਼ਨ ਨੇ ਬਿਹਾਰ ਚੋਣਾਂ ਵਿਚ ਨਿਤੀਸ਼ ਦੀ ਅਗਵਾਈ ਵਿਚ ਬਣੀ ਸਰਕਾਰ ਨੂੰ ਢੋਂਗੀ ਹੱਥਕੰਡਿਆਂ ਨਾਲ ਬਣੀ ਸਰਕਾਰ ਦੱਸਿਆ | ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਦੇ ਵਿਦਿਆਰਥੀ ਘੋਲ ਦੀ ਹਮਾਇਤ ਕਰਦਿਆਂ ਲਿਬਰੇਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਯੂਨੀਵਰਿਸਟੀ ਨੂੰ ਪੰਜਾਬ ਦੇ ਅਧਿਕਾਰਾਂ 'ਚ ਲੈਣ ਲਈ ਵਿਧਾਨ ਸਭਾ ਵਿਚ ਮਤਾ ਪਾਸ ਕੀਤਾ ਜਾਵੇ ਤੇ ਕੇਂਦਰ ਸਰਕਾਰ ਸੈਨੇਟ ਚੋਣਾਂ ਦਾ ਫੌਰੀ ਐਲਾਨ ਕਰੇ | ਮੀਟਿੰਗ ਵਿਚ ਬਲਬੀਰ ਮੂਧਲ, ਅਸ਼ੋਕ ਮਹਾਜਨ, ਰਾਜ ਸਿੰਘ ਵਿਲਾ ਕੋਠੀ, ਗੁਲਜਾਰ ਸਿੰਘ ਭੁੰਬਲੀ, ਸੁਖਦੇਵ ਸਿੰਘ ਭਾਗੋਕਾਵਾਂ, ਕੁਲਦੀਪ ਰਾਜੂ, ਅਸ਼ਵਨੀ ਲੱਖਣਕਲਾਂ, ਮੰਗਲ ਧਰਮਕੋਟ, ਨਿਰਮਲ ਛੱਜਲਵੱਡੀ ਅਤੇ ਸਮਸ਼ੇਰ ਹੇਰ ਸ਼ਾਮਲ ਸਨ |