ਦੀਨਾਨਗਰ, 22 ਨਵੰਬਰ (ਸੋਢੀ/ਸ਼ਰਮਾ)- ਗੋਬਿੰਦ ਪਬਲਿਕ ਸਕੂਲ ਦੀਨਾਨਗਰ ਨੂੰ ਸਥਾਪਿਤ ਹੋਏ 25 ਸਾਲ ਪੂਰੇ ਹੋਏ ਹਨ ਤੇ ਇਸੇ ਸੰਬੰਧ ਵਿਚ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਸਕੂਲ ਦਾ ਸਿਲਵਰ ਜੁਬਲੀ ਸਮਾਗਮ ਸਫ਼ਰ-25 ਅੱਜ ਧੂਮਧਾਮ ਨਾਲ ਸਮਾਪਤ ਹੋਇਆ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਹਿੰਦਰ ਸਿੰਘ ਸੰਧੂ ਦੀ ਅਗਵਾਈ ਤੇ ਪਿ੍ੰਸੀਪਲ ਸੋਨਿਕਾ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਸਮਾਗਮ 'ਚ ਉੱਘੇ ਸਿੱਖਿਆ ਸ਼ਾਸਤਰੀ ਪਿ੍ੰਸੀਪਲ ਨਿਰਮਲ ਪਾਂਧੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਜਦੋਂ ਕਿ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਡਾ: ਬੀ.ਐਸ. ਬਾਜਵਾ, ਰੋਟੇਰੀਅਨ ਵਿਨੋਦ ਗੁਪਤਾ, ਸਕੂਲ ਮੈਨੇਜਰ ਪਰਮਿੰਦਰ ਕੌਰ ਸੰਧੂ ਤੇ ਸਕੱਤਰ ਸੰਦੀਪ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦਾ ਆਰੰਭ ਮੁੱਖ ਮਹਿਮਾਨ ਪਿ੍ੰਸੀਪਲ ਨਿਰਮਲ ਪਾਂਧੀ ਤੇ ਹੋਰ ਮਹਿਮਾਨਾਂ ਵਲੋਂ ਵਿੱਦਿਆ ਜੋਤੀ ਜਗਾਉਣ ਨਾਲ ਹੋਇਆ ਜਿਸ ਦੇ ਬਾਅਦ ਪਿ੍ੰਸੀਪਲ ਸੋਨਿਕਾ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲ ਦੇ 25 ਸਾਲਾ ਦੇ ਸਫ਼ਰ ਦਾ ਵਿਆਖਿਆਨ ਸ਼ਾਨਦਾਰ ਢੰਗ ਨਾਲ ਕਰਦੇ ਹੋਏ ਸਕੂਲ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ | ਇਸ ਮੌਕੇ ਕਰਵਾਏ ਸੱਭਿਆਚਾਰਕ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਸ਼ਬਦ ਗਾਇਣ ਨਾਲ ਹੋਈ | ਇਸ ਤੋਂ ਬਾਅਦ ਸਕੂਲ ਦੇ ਸਾਬਕਾ ਸਕੱਤਰ ਤੇ 'ਅਜੀਤ' ਦੇ ਸੀਨੀਅਰ ਪੱਤਰਕਾਰ ਰਹੇ ਜਸਬੀਰ ਸਿੰਘ ਸੰਧੂ ਨੂੰ ਫ਼ਿਲਮੀ ਦਿ੍ਸ਼ਾਂ ਰਾਹੀਂ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ | ਛੋਟੇ ਯੂ.ਕੇ.ਜੀ. ਦੇ ਬੱਚਿਆਂ ਨੇ ਆਪਣੇ ਨਾਚ ਪ੍ਰਦਰਸ਼ਨਾਂ ਨਾਲ ਸਾਰਿਆਂ ਨੂੰ ਮੋਹਿਤ ਕਰ ਦਿੱਤਾ | ਛੋਟੇ ਬੱਚਿਆਂ ਨੇ 'ਹੇ ਭਾਈ ਜਰਾ ਦੇਖ ਕੇ ਚੱਲੋ' ਗੀਤ 'ਤੇ ਨੱਚਦੇ ਹੋਏ ਭਰਪੂਰ ਮਨੋਰੰਜਨ ਕੀਤਾ | ਵੱਖ-ਵੱਖ ਰਾਜਾਂ ਦੇ ਸੱਭਿਆਚਾਰਾਂ 'ਤੇ ਆਧਾਰਿਤ ਰੀਮਿਕਸ ਗੀਤਾਂ 'ਤੇ ਪੇਸ਼ ਕੀਤੇ ਨਾਚਾਂ ਦੀ ਪੇਸ਼ਕਾਰੀ ਦੀ ਆਏ ਮਹਿਮਾਨਾਂ ਵਲੋਂ ਖੂਬ ਪ੍ਰਸੰਸਾ ਕੀਤੀ ਗਈ | ਬੱਚਿਆਂ ਦੇ ਗਿੱਧੇ ਅਤੇ ਭੰਗੜੇ ਦੇ ਸੁੰਦਰ ਪ੍ਰਦਰਸ਼ਨਾਂ ਨੇ ਸਾਰਿਆਂ ਨੂੰ ਝੂਮਣ 'ਤੇ ਮਜਬੂਰ ਕਰ ਦਿੱਤਾ | ਮੁੱਖ ਮਹਿਮਾਨ ਪਿ੍ੰਸੀਪਲ ਨਿਰਮਲ ਪਾਂਧੀ ਨੇ ਸੀ.ਬੀ.ਐਸ.ਈ. ਬੋਰਡ ਪ੍ਰੀਖਿਆਵਾਂ 'ਚ ਮੈਰਿਟ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਸਮੇਤ ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਦਾਰ ਨਾਨਕ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ | ਇਸ ਮੌਕੇ ਬ੍ਰਾਹਮਣ ਸਭਾ ਪੰਜਾਬ ਯੂਥ ਵਿੰਗ ਦੇ ਸੂਬਾ ਪ੍ਰਧਾਨ ਨਰਿੰਦਰ ਸ਼ਰਮਾ, ਸਰਪੰਚ ਦਲਬੀਰ ਸਿੰਘ ਬਿੱਲਾ, ਅਜੀਤ ਸਿੰਘ ਡੀ.ਐਸ., ਆਰੀਆ ਸਮਾਜ ਦੇ ਪ੍ਰਧਾਨ ਈਸ਼ਵਰ ਭੱਲਾ, ਖੱਤਰੀ ਸਭਾ ਦੇ ਪ੍ਰਧਾਨ ਵਿਜੇ ਕਾਂਸਰਾ, ਭਾਰਤ ਵਿਕਾਸ ਪ੍ਰੀਸ਼ਦ ਦੇ ਜਤਿੰਦਰ ਗੁਪਤਾ, ਕੌਂਸਲਰ ਪਰਮਜੀਤ ਕੌਰ, ਭੁਪਿੰਦਰ ਸਿੰਘ ਜਕੜੀਆਂ, ਕੁਸ਼ ਗੁਪਤਾ, ਸਰਪੰਚ ਸੰਦੀਪ ਠਾਕੁਰ, ਇੰਦਰਜੀਤ ਸਿੰਘ ਬਾਜਵਾ, ਹੇਮ ਰਾਜ ਸਰਾਫ਼ ਵੀ ਹਾਜ਼ਰ ਸਨ |