ਗੁਰਦਾਸਪੁਰ, 23 ਨਵੰਬਰ (ਚੱਕਰਾਜਾ)-ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਗੁਰਬਚਨ ਸਿੰਘ ਬੱਬੇਹਾਲੀ ਮੈਂਬਰ ਕੋਰ ਕਮੇਟੀ ਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਰਹਿਨੁਮਾਈ ਹੇਠ ਅੱਜ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਵਲੋਂ ਪਿੰਡ ਨੰਗਲ ਵਿਚ ਅੱਜ ਪੰਜਵੀਂ ਵਾਰ ਕਿਸਾਨਾਂ ਨੂੰ ਕਣਕ ਦਾ ਬੀਜ ਤੇ ਗ਼ਰੀਬ ਮਜ਼ਦੂਰ ਲੋਕਾਂ ਨੂੰ ਕਣਕ ਵੰਡੀ ਗਈ | ਇੱਥੇ ਗੱਲ ਕਰਦੇ ਹੋਏ ਐਡਵੋਕੇਟ ਅਮਰਜੋਤ ਸਿੰਘ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ. ਬਾਦਲ ਦੇ ਕਹੇ ਅਨੁਸਾਰ ਅੱਜ ਬਿਨਾਂ ਕਿਸੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਰੇਕ ਲੋੜਵੰਦ ਕਿਸਾਨ ਨੂੰ ਬੀਜ ਦਿੱਤਾ ਗਿਆ ਹੈ | ਇੱਥੇ ਪਿੰਡ ਦੇ ਲੋਕਾਂ ਨੇ ਆਪਣਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਿਸੇ ਹੋਰ ਪਾਰਟੀ ਖ਼ਾਸ ਕਰਕੇ ਮੌਜੂਦਾ ਸਰਕਾਰ ਨੇ ਕੋਈ ਸਾਰ ਨਹੀਂ ਲਈ ਪਰ ਸ਼੍ਰੋਮਣੀ ਅਕਾਲੀ ਦਲ ਅੱਜ ਪੰਜਵੀਂ ਵਾਰ ਸਾਡੇ ਪਿੰਡ ਆਇਆ ਹੈ ਤੇ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਹਨ | ਇਸ ਮੌਕੇ ਸਾਬਕਾ ਸਰਪੰਚ ਰਕੇਸ਼ ਕੁਮਾਰ, ਸਾਬਕਾ ਚੇਅਰਮੈਨ ਮਹਿੰਦਰ ਸਿੰਘ ਸਿਧਵਾਂ, ਪਰਮਜੀਤ ਸਿੰਘ ਬਾਜਵਾ ਤੇ ਪਿੰਡ ਦੇ ਲੋਕ ਹਾਜ਼ਰ ਸਨ |