ਤਾਰਾਗੜ੍ਹ, 7 ਦਸੰਬਰ (ਸੋਹਨ ਲਾਲ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਅਥਾਰਿਟੀ ਦੇ ਚੇਅਰਮੈਨ ਡਿਸਟਿ੍ਕਟ ਐਂਡ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਦੇ ਨਿਰਦੇਸ਼ ਅਨੁਸਾਰ ਅਤੇ ਸੀ.ਜੇ.ਐਮ.-ਕਮ-ਸੈਕ੍ਰੇਟਰੀ ਰੁਪਿੰਦਰ ਸਿੰਘ ਜ਼ਿਲ੍ਹਾ ਲੀਗਲ ਸਰਵਿਸ ਪਠਾਨਕੋਟ ਦੇ ਹੁਕਮਾਂ ਤਹਿਤ ਚਲਾਏ ਜਾ ਰਹੇ 'ਨਸ਼ਾ ਛੱਡੋ ਅਭਿਆਨ' ਦੇ ਸਬੰਧ ਵਿਚ ਤਾਰਾਗੜ੍ਹ ਵਿਚ ਨਸ਼ਾ ਮੁਕਤੀ ਰੈਲੀ ਕੱਢੀ ਗਈ | ਇਸ ਦੌਰਾਨ ਲੋਕਾਂ ਨੂੰ ਖ਼ਾਸ ਤੌਰ 'ਤੇ ਨਸ਼ਿਆਂ ਦੇ ਖ਼ਿਲਾਫ਼ ਸਹੁੰ ਚੁੱਕਵਾਈ ਗਈ | ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਦੇ ਪੈਨਲ ਐਡਵੋਕੇਟ ਵਿਨੋਦ ਕੁਮਾਰ ਤੇ ਐਡਵੋਕੇਟ ਹਨੀ ਮੈਨੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਦੇ ਨਾਲ ਹੀ ਪਿੰਡ ਤਾਰਾਗੜ੍ਹ ਦੀ ਸਰਪੰਚ ਰੋਜ਼ੀ ਸੈਣੀ, ਤਾਰਾਗੜ੍ਹ ਥਾਣੇ ਦੇ ਐਸ.ਐਚ.ਓ. ਅੰਗਰੇਜ਼ ਸਿੰਘ, ਪੀ.ਐਲ.ਵੀ. ਜਗੀਰ ਸਿੰਘ ਤੇ ਕੁਲਵਿੰਦਰ ਕੌਰ ਵੀ ਸ਼ਾਮਿਲ ਹੋਏ | ਰੈਲੀ ਤਾਰਾਗੜ੍ਹ ਦੇ ਮੁੱਖ ਮਾਰਗ ਤੋਂ ਨਵੇਂ ਤਾਰਾਗੜ੍ਹ ਤੱਕ ਕੱਢੀ ਗਈ | ਇਸ ਮੌਕੇ ਐਡਵੋਕੇਟ ਵਿਨੋਦ ਕੁਮਾਰ ਨੇ ਦੱਸਿਆ ਕਿ ਲੀਗਲ ਸਰਵਿਸ ਅਥਾਰਿਟੀ ਵਲੋਂ ਨਸ਼ੇ ਦੇ ਵਿਰੁੱਧ ਚਲਾਇਆ ਗਿਆ ਇਹ ਅਭਿਆਨ ਸਰਾਹਣਯੋਗ ਕਦਮ ਹੈ | ਉਨ੍ਹਾਂ ਨੇ ਕਿਹਾ ਕਿ ਇਹ ਅਭਿਆਨ 6 ਜਨਵਰੀ 2026 ਤੱਕ ਚੱਲੇਗਾ, ਜਿਸ ਲਈ ਅਥਾਰਿਟੀ ਵਲੋਂ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਬਲਾਕਾਂ ਵਿਚ ਟੀਮਾਂ ਦਾ ਗਠਨ ਕੀਤਾ ਗਿਆ ਹੈ |