ਫ਼ਤਹਿਗੜ੍ਹ ਚੂੜੀਆਂ, 17 ਦਸੰਬਰ (ਐੱਮ.ਐੱਸ. ਫੁੱਲ)- ਫ਼ਤਹਿਗੜ੍ਹ ਚੂੜੀਆਂ ਅਜਨਾਲਾ ਰੋਡ ਵਿਖੇ ਸਥਿਤ ਬੀਬੀ ਕੌਲਾਂ ਜੀ ਹਸਪਤਾਲ ਜੋ ਕਿ ਲੰਬੇ ਸਮੇਂ ਤੋਂ ਇਲਾਕੇ 'ਚ ਆਪਣੀਆਂ ਪਹਿਲਾਂ ਹੀ ਸੇਵਾਵਾਂ ਨਿਭਾਅ ਰਿਹਾ ਹੈ ਤੇ ਉਸ ਸੇਵਾਵਾਂ 'ਚ ਵਾਧਾ ਕਰਦੇ ਹੋਏ ਗੁਰਦੇ ਦੇ ਰੋਗਾਂ ਦੇ ਮਰੀਜ਼ਾਂ ਲਈ ਓ.ਪੀ.ਡੀ. ਸ਼ੁਰੂ ਕੀਤੀ ਗਈ ਹੈ | ਗੱਲਬਾਤ ਦੌਰਾਨ ਡਾਕਟਰ ਅਮਨਪ੍ਰੀਤ ਸਿੰਘ ਵਲੋਂ ਦੱਸਿਆ ਗਿਆ ਕਿ ਇਲਾਕੇ ਦੀ ਮੁੱਖ ਮੰਗ ਨੂੰ ਵੇਖਦੇ ਹੋਏ ਗੁਰਦੇ ਰੋਗਾਂ ਦੇ ਮਰੀਜ਼ਾਂ ਦੇ ਇਲਾਜ ਲਈ ਪੰਜਾਬ ਦੇ ਮਾਹਿਰ ਡਾਕਟਰ ਰਾਧਿਕਾ ਗਰਗ ਡੀ.ਆਰ. ਐੱਨ.ਬੀ., ਨਫਰੋਲੋਜੀ ਤੇ ਕਿਡਨੀ ਟ੍ਰਾਂਸਪਲਾਂਟ ਫਿਜੀਸ਼ੀਅਨ ਲਿਵਾਸਾ ਹਸਪਤਾਲ ਅੰਮਿ੍ਤਸਰ ਵਲੋਂ ਬੀਬੀ ਕੌਲਾਂ ਜੀ ਹਸਪਤਾਲ ਫ਼ਤਹਿਗੜ੍ਹ ਚੂੜੀਆਂ ਵਿਖੇ ਆਪਣੀਆਂ ਸੇਵਾਵਾਂ ਨਿਭਾਉਣਗੇ | ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਖਾਲਸਾ ਏਡ ਇੰਟਰਨੈਸ਼ਨਲ ਵਲੋਂ ਡਾਇਲਸਿਸ ਸੁਵਿਧਾਵਾਂ ਬੀਬੀ ਕੌਲਾਂ ਜੀ ਹਸਪਤਾਲ ਵਿਖੇ ਚੱਲ ਰਹੀਆਂ ਹਨ ਤੇ ਇਲਾਕੇ ਦੀ ਮੁੱਖ ਮੰਗ ਨੂੰ ਦੇਖਦੇ ਹੋਏ ਲਿਵਾਸਾ ਹਸਪਤਾਲ ਗਰੁੱਪ ਅੰਮਿ੍ਤਸਰ ਵਲੋਂ ਬੀਬੀ ਕੌਲਾਂ ਜੀ ਹਸਪਤਾਲ ਨਾਲ ਮਿਲ ਕੇ ਓ.ਪੀ.ਡੀ. ਸ਼ੁਰੂ ਕਰਨ ਦਾ ਬੀੜਾ ਚੁੱਕਿਆ | ਲਿਵਾਸਾ ਹਸਪਤਾਲ ਅੰਮਿ੍ਤਸਰ ਤੋਂ ਡਾਕਟਰ ਰਾਧਿਕਾ ਗਰਗ ਅਤੇ ਦਿਵਿਆ ਪ੍ਰਸ਼ਾਂਤ ਬਜਾਜ ਵੀ.ਪੀ. ਲਿਵਾਸਾ ਹਸਪਤਾਲ ਦਾ ਬੀਬੀ ਕੌਲਾਂ ਜੀ ਹਸਪਤਾਲ ਫ਼ਤਹਿਗੜ੍ਹ ਚੂੜੀਆਂ ਵਿਖੇ ਪਹੁੰਚਣ 'ਤੇ ਡਾਕਟਰ ਅਮਨਪ੍ਰੀਤ ਸਿੰਘ, ਡਾ. ਗਗਨਦੀਪ ਕੌਰ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ | ਉਪਰੰਤ ਰਾਧਿਕਾ ਗਰਗ ਤੇ ਦਿਵਿਆ ਪ੍ਰਸ਼ਾਂਤ ਬਜਾਜ ਨੇ ਸਭ ਤੋਂ ਪਹਿਲਾਂ ਰੀਬਨ ਕੱਟ ਕੇ ਆਪਣੀ ਓ.ਪੀ.ਡੀ. ਦੀ ਸ਼ੁਰੂਆਤ ਕੀਤੀ | ਡਾ. ਅਮਨਪ੍ਰੀਤ ਸਿੰਘ ਨੇ ਦੱਸਿਆ ਕੀ ਬੀਬੀ ਕੌਲਾਂ ਜੀ ਹਸਪਤਾਲ ਫ਼ਤਹਿਗੜ੍ਹ ਚੂੜੀਆਂ ਵਲੋਂ ਪਿਛਲੇ 3 ਸਾਲ ਤੋਂ ਗੁਰਦਿਆਂ ਨਾਲ ਸੰਬੰਧਿਤ ਡਾਇਲਸਿਸ ਆਦਿ ਦੀ ਸੇਵਾ ਨਿਭਾਈ ਜਾ ਰਹੀ ਹੈ | ਅੱਜ ਇਕ ਹੋਰ ਵਾਧਾ ਕਰਦੇ ਹੋਏ ਲਿਵਾਸਾ ਗਰੁੱਪ ਅੰਮਿ੍ਤਸਰ ਤੇ ਬੀਬੀ ਕੌਲਾਂ ਜੀ ਹਸਪਤਾਲ ਦੇ ਸਹਿਯੋਗ ਨਾਲ ਜਿਹੜੇ ਮਰੀਜ਼ ਨਿੱਜੀ ਹਸਪਤਾਲਾਂ ਦੇ ਮਹਿੰਗੇ ਖ਼ਰਚੇ ਨਹੀਂ ਉਠਾ ਸਕਦੇ, ਉਨ੍ਹਾਂ ਦੀ ਸਹੂਲਤ ਲਈ ਇਕ ਨਾ-ਮਾਤਰ ਚਾਰਜ ਦੇ ਉੱਤੇ ਹੀ ਉਹ ਆਪਣਾ ਇਲਾਜ (ਡਾਇਲਿਸਿਸ ਤੇ ਹੋਰ ਸੰਬੰਧਿਤ ਪ੍ਰਕਿਰਿਆਵਾਂ) ਕਰਵਾ ਸਕਣਗੇ | ਇਸ ਮੌਕੇ ਡਾ. ਅਮਨਪ੍ਰੀਤ ਸਿੰਘ, ਡਾ. ਗਗਨਦੀਪ ਕੌਰ, ਡਾ. ਅਨਮੋਲਜੀਤ ਕੌਰ, ਡਾ. ਕਸ਼ਿਸ਼ ਗੁਪਤਾ, ਡਾ. ਅਮਨਿੰਦਰ ਸਿੰਘ, ਰਾਜਨ ਸ਼ਰਮਾ, ਜਤਿੰਦਰ ਰਾਣਾ ਲਿਵਾਸਾ ਹਸਪਤਾਲ ਅੰਮਿ੍ਤਸਰ ਤੋਂ ਇਲਾਵਾ ਬੀਬੀ ਕੌਲਾਂ ਜੀ ਹਸਪਤਾਲ ਦਾ ਸਮੂਹ ਸਟਾਫ਼ ਹਾਜ਼ਰ ਸੀ |