ਘੁਮਾਣ, 18 ਦਸੰਬਰ (ਬੰਮਰਾਹ)- 46ਵਾਂ ਬਾਬਾ ਨਾਮਦੇਵ ਯਾਦਗਾਰੀ ਅੰਤਰਰਾਸ਼ਟਰੀ ਖੇਡ ਮੇਲਾ ਘੁਮਾਣ ਦੀ ਧਰਤੀ 'ਤੇ ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਵਲੋਂ ਕਰਵਾਇਆ ਜਾ ਰਿਹਾ ਹੈ | ਇਸ ਖੇਡ ਮੇਲੇ ਨੂੰ ਬਾਬਾ ਨਾਮਦੇਵ ਸਪੋਰਟਸ ਕਲੱਬ ਦੇ ਸਮੁੱਚੇ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵਿਚ ਵੱਸਦੇ ਐੱਨ.ਆਰ. ਆਈ. ਵੀਰਾਂ ਤੇ ਇਲਾਕੇ ਦੇ ਪਤਵੰਤਿਆਂ ਵਲੋਂ ਲੱਖਾਂ ਰੁਪਏ ਦੀ ਰਾਸ਼ੀ ਦੇ ਕੇ ਹੋਰ ਵੀ ਉੱਪਰ ਚੁੱਕਣ ਦਾ ਯਤਨ ਕੀਤਾ ਜਾ ਰਿਹਾ ਹੈ | ਖੇਡ ਮੇਲੇ ਦਾ ਮੁੱਖ ਮਕਸਦ ਇਲਾਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਕੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਹੈ | ਇਸ ਸੰਬੰਧੀ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਅਠਵਾਲ ਨੇ ਕਿਹਾ ਕਿ 46ਵੇਂ ਅੰਤਰਰਾਸ਼ਟਰੀ ਖੇਡ ਮੇਲੇ ਵਿਚ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਤੋਂ ਇਲਾਵਾ ਅਮਰੀਕਾ ਵਿਚ ਵੱਸਦੇ ਅਮਰਬੀਰ ਸਿੰਘ ਘੁਮਾਣ ਯੂ.ਐੱਸ.ਏ. ਤੇ ਹਰਸ਼ਰਨ ਸਿੰਘ ਘੁਮਾਣ ਯੂ.ਐੱਸ.ਏ. ਵਲੋਂ ਇਸ ਵਾਰ ਵੀ 11 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕਰ ਕੇ ਖੇਡ ਮੇਲੇ ਨੂੰ ਹੋਰ ਵੀ ਉੱਚਾ ਚੁੱਕਣ ਦਾ ਯਤਨ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਦਵਿੰਦਰ ਸਿੰਘ ਸੰਧੂ ਸੰਧਵਾਂ ਅਮਰੀਕਾ, ਹਰਵੰਤ ਸਿੰਘ ਚੌਲ ਚੱਕ ਯੂ.ਐੱਸ.ਏ. ਤੇ ਇਲਾਕੇ ਦੇ ਹੋਰ ਐੱਨ.ਆਰ.ਆਈ. ਵੀਰਾਂ ਵਲੋਂ ਵੀ ਵੱਡਾ ਯੋਗਦਾਨ ਇਸ ਮੇਲੇ 'ਚ ਪਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਖੇਡ ਮੇਲੇ ਦੇ ਪਹਿਲੇ ਦਿਨ 16 ਜਨਵਰੀ ਨੂੰ 55 ਕਿਲੋ ਕਬੱਡੀ ਓਪਨ ਦੇ ਮੁਕਾਬਲੇ ਹੋਣਗੇ | ਅਥਲੈਟਿਕਸ ਦੇ ਮੁਕਾਬਲਿਆਂ ਵਿਚ ਅੰਡਰ-14, 17, 19 ਲੜਕੇ 'ਚ 100 ਮੀਟਰ, 800 ਮੀਟਰ, 100 ਮੀਟਰ, ਉੱਚੀ ਛਾਲ ਦੇ ਮੁਕਾਬਲੇ ਹੋਣਗੇ | ਵਾਲੀਬਾਲ ਦੇ ਮੁਕਾਬਲੇ ਵੀ ਸ਼ੁਰੂ ਕਰਵਾਏ ਜਾਣਗੇ | 17 ਜਨਵਰੀ ਨੂੰ ਦੂਸਰੇ ਦਿਨ ਕਬੱਡੀ ਓਪਨ ਕਲੱਬ ਦੀਆਂ ਸੱਦੀਆਂ ਹੋਈਆਂ 6 ਟੀਮਾਂ ਦੇ ਮੁਕਾਬਲੇ ਹੋਣਗੇ | ਹਾਕੀ ਤੇ ਵਾਲੀਬਾਲ ਦੇ ਮੁਕਾਬਲੇ 16 ਜਨਵਰੀ ਨੂੰ ਸ਼ੁਰੂ ਹੋਣਗੇ ਤੇ 17 ਜਨਵਰੀ ਨੂੰ ਫਾਈਨਲ ਮੁਕਾਬਲੇ ਹੋਣਗੇ | ਇਸ ਦੇ ਨਾਲ ਹੀ ਰੱਸਾਕਸ਼ੀ ਦੇ ਮੁਕਾਬਲੇ ਅੰਡਰ-19 ਸਾਲ ਸੱਦੀਆਂ ਹੋਈਆਂ ਟੀਮਾਂ ਵਿਚਕਾਰ ਹੋਣਗੇ | ਉਨ੍ਹਾਂ ਕਿਹਾ ਕਿ ਖੇਡ ਮੇਲੇ ਦੇ ਅਖੀਰਲੇ ਦਿਨ 18 ਜਨਵਰੀ ਨੂੰ ਕਬੱਡੀ ਦਾ ਮਹਾਂਕੁੰਭ ਹੋਵੇਗਾ, ਜਿਸ ਸਬੰਧੀ ਆਉਂਦੇ ਦਿਨਾਂ 'ਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ | ਇਸ ਮੌਕੇ ਲਖਵਿੰਦਰ ਸਿੰਘ ਢੰਡੇ, ਜਸਬੀਰ ਸਿੰਘ ਜੱਸ ਸੰਧਵਾਂ, ਜੋਗਿੰਦਰ ਸਿੰਘ ਰੰਧਾਵਾ, ਹਰਜਿੰਦਰ ਸਿੰਘ ਦਕੋਹਾ, ਸਰਪੰਚ ਰਤਨ ਸਿੰਘ ਸ਼ਾਹ ਧਰਮਕੋਟ, ਮਾਸਟਰ ਜੋਗਿੰਦਰ ਸਿੰਘ ਦਕੋਹਾ, ਸਾ. ਸਰਪੰਚ, ਵਰਕਸ ਮੈਨੇਜਰ ਬਲਜੀਤ ਸਿੰਘ ਪੰਡੋਰੀ, ਲੈਕਚਰਾਰ ਗੁਰਨਾਮ ਸਿੰਘ ਮੰਡ, ਕੁਲਬੀਰ ਸਿੰਘ ਸੰਧੂ, ਨੰਬਰਦਾਰ ਹਰਜੀਤ ਸਿੰਘ ਪੰਡੋਰੀ, ਗੁਰਮੀਤ ਸਿੰਘ ਸਾ. ਸਰਪੰਚ ਅੱਤੇਪੁਰ, ਅਵਤਾਰ ਸਿੰਘ ਤਾਰੀ ਬਰਿਆਰ, ਰਵੀ ਦਕੋਹਾ, ਮਾਸਟਰ ਕੇਵਲ ਸਿੰਘ ਕਾਜ਼ਮਪੁਰ ਆਦਿ ਹਾਜ਼ਰ ਸਨ |