ਭੀਖੀ, 18 ਦਸੰਬਰ (ਬਲਕਾਰ ਸਿੰਘ ਸਹੋਤਾ)-ਤਰਕਸ਼ੀਲ ਸੁਸਾਇਟੀ ਦੀ ਚੇਤਨਾ ਪਰਖ ਪ੍ਰੀਖਿਆ ਦੀ ਮੈਰਿਟ 'ਚ ਆਉਣ ਵਾਲੀਆਂ ਸਥਾਨਕ ਪੀ.ਐੱਮ. ਸਰਕਾਰੀ ਸੀਨੀ. ਸੈਕੰ. ਸਕੂਲ ਲੜਕੀਆਂ ਦੀਆਂ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਕੂਲ ਇੰਚਾਰਜ ਰਘੁਵੀਰ ਸਿੰਘ ਚਹਿਲ ਨੇ ਕਿਹਾ ਤਰਕਸ਼ੀਲ ਸੁਸਾਇਟੀ ਲੋਕਾਂ ਨੂੰ ਜਾਗਰੂਕ ਕਰ ਕੇ ਸਮਾਜ 'ਚ ਫੈਲੀਆਂ ਕੁਰੀਤੀਆਂ ਬਾਰੇ ਜਾਣੂ ਕਰਵਾਉਂਦੀ ਹੈ | ਤਰਕਸ਼ੀਲ ਆਗੂ ਭੁਪਿੰਦਰ ਫ਼ੌਜੀ ਨੇ ਕਿਹਾ ਵਿਦਿਆਰਥੀਆਂ ਦਾ ਬੋਧਿਕ ਪੱਧਰ ਉੱਚਾ ਚੁੱਕਣਾ, ਅੰਧਵਿਸ਼ਵਾਸ ਖ਼ਤਮ ਕਰਨਾ, ਮੋਬਾਈਲ ਫੋਨਾਂ ਤੋਂ ਹਟਾ ਕੇ ਕਿਤਾਬਾਂ ਨਾਲ ਜੋੜਨਾ ਤੇ ਵਿਗਿਆਨਕ ਸੋਚ ਦੇ ਧਾਰਨੀ ਬਣਾਉਣਾ ਪ੍ਰੀਖਿਆ ਦਾ ਮੁੱਖ ਮਕਸਦ ਹੈ | ਭੀਖੀ ਸਕੂਲ ਲੜਕੀਆਂ ਤੋਂ ਮਿਡਲ ਵਰਗ 'ਚ ਸੱਤਵੀਂ ਜਮਾਤ ਦੀ ਲਵਪ੍ਰੀਤ ਕੌਰ, ਅੱਠਵੀਂ ਦੀ ਜਸਮੀਨਜੋਤ ਕੌਰ, ਸੈਕੰਡਰੀ ਵਰਗ 'ਚੋਂ ਨੌਵੀਂ ਜਮਾਤ ਦੀ ਖ਼ੁਸ਼ਬੂ ਤੇ ਸੁਹਾਨਾ ਚੰਗੇ ਨੰਬਰ ਲੈ ਕੇ ਮੋਹਰੀ ਰਹੀਆਂ | ਸੁਸਾਇਟੀ ਵਲੋਂ ਪ੍ਰੀਖਿਆਰਥੀਆਂ ਨੂੰ ਸਰਟੀਫਿਕੇਟ, ਕਿਤਾਬਾਂ ਦੇ ਸੈੱਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਤਰਕਸ਼ੀਲ ਆਗੂ ਜਸਪਾਲ ਅਤਲਾ, ਕੌਂਸਲਰ ਪਰਮਿੰਦਰ ਗੋਰਾ, ਸਕੂਲ ਚੇਅਰਮੈਨ ਛਿੰਦਾ ਸਿੰਘ, ਹਰਦੀਪ ਸਿੰਘ, ਰਾਮ ਸਿੰਘ ਅਕਲੀਆ, ਸੁਖਵਿੰਦਰ ਸਿੰਘ, ਸਕੂਲ ਅਧਿਆਪਕਾ ਰਾਜਿੰਦਰ ਕੌਰ, ਅੰਜੂ ਬਾਲਾ, ਰੁਪਿੰਦਰ ਕੌਰ, ਸੰਧਿਆ ਗੋਇਲ, ਪ੍ਰਵੀਨ ਰਾਣੀ, ਚੀਨੂ ਗੋਇਲ, ਤਨੂ ਬੱਤਰਾ, ਗੋਦਾ ਰਾਮ ਆਦਿ ਹਾਜ਼ਰ ਸਨ |