ਦੀਨਾਨਗਰ, 18 ਦਸੰਬਰ (ਸ਼ਰਮਾ/ਸੋਢੀ)- ਵਿਧਾਨ ਸਭਾ ਹਲਕਾ ਦੀਨਾਨਗਰ ਵਿਖੇ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਹੂੰਝਾਂ ਫੇਰ ਜਿੱਤ ਪ੍ਰਾਪਤ ਕਰਕੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸ਼ੀਸ਼ਾ ਆਮ ਆਦਮੀ ਪਾਰਟੀ ਨੂੰ ਦਿਖਾ ਦਿੱਤਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਵਿਧਾਇਕਾ ਅਰੁਣਾ ਚੌਧਰੀ ਤੇ ਉਨ੍ਹਾਂ ਦੇ ਪਤੀ ਅਸ਼ੋਕ ਚੌਧਰੀ ਨੇ ਪਿੰਡ ਅਵਾਂਖਾ ਵਿਖੇ ਆਪਣੇ ਨਿਵਾਸ ਸਥਾਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਇਸ ਮੌਕੇ ਉਨ੍ਹਾਂ ਨੇ ਵੋਟਰਾਂ, ਸਪੋਰਟਰਾਂ ਅਤੇ ਅਫ਼ਸਰਸ਼ਾਹੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੀਨਾਨਗਰ ਹਲਕੇ ਵਿਚ ਪੂਰੇ ਅਮਨ ਅਮਾਨ ਨਾਲ ਵੋਟਾਂ ਦਾ ਕੰਮ ਪੂਰਾ ਹੋਇਆ ਹੈ | ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਦੀਨਾਨਗਰ ਹਲਕੇ ਵਿਚ ਬੇਸ਼ੱਕ ਉਲਟਫੇਰ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਅਫ਼ਸਰਸ਼ਾਹੀ ਨੇ ਪੂਰੀ ਇਮਾਨਦਾਰੀ ਨਾਲ ਇਨ੍ਹਾਂ ਚੋਣਾਂ ਅਤੇ ਗਿਣਤੀ ਦੇ ਕੰਮ ਨੂੰ ਨੇਪਰੇ ਚਾੜਿ੍ਹਆ | ਉਨ੍ਹਾਂ ਕਿਹਾ ਕਿ ਦੀਨਾਨਗਰ ਹਲਕੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚਾਰ ਸੀਟਾਂ ਸਨ ਤੇ ਚਾਰੇ ਸੀਟਾਂ ਵੋਟਰਾਂ ਨੇ ਕਾਂਗਰਸ ਦੀ ਝੋਲੀ ਪਾਈਆਂ ਹਨ | ਦੀਨਾਨਗਰ ਹਲਕੇ ਵਿਚ ਦੀਨਾਨਗਰ ਤੇ ਦੋਰਾਂਗਲਾ ਦੋ ਬਲਾਕ ਸੰਮਤੀਆਂ ਹਨ | ਦੀਨਾਨਗਰ ਵਿਚੋਂ 22 'ਚੋਂ 11 ਸੀਟਾਂ ਤੇ ਦੋਰਾਂਗਲਾ ਵਿਖੇ 15 'ਚੋਂ 11 ਸੀਟਾਂ ਕਾਂਗਰਸ ਨੇ ਜਿੱਤ ਕੇ ਦੋਨੋਂ ਬਲਾਕ ਸੰਮਤੀਆਂ 'ਤੇ ਕਾਂਗਰਸ ਨੇ ਕਬਜ਼ਾ ਕੀਤਾ ਹੈ | ਉਨ੍ਹਾਂ ਕਿਹਾ ਕਿ ਜਿੱਥੇ ਜਿੱਥੇ ਵੀ ਪੰਜਾਬ 'ਚ ਸੱਤਾਧਾਰੀ ਪਾਰਟੀ ਨੇ ਗ਼ਲਤ ਕੰਮ ਨਹੀਂ ਕੀਤੇ ਉੱਥੇ ਉੱਥੇ ਹੀ ਕਾਂਗਰਸ ਨੇ ਜਿੱਤ ਹਾਸਲ ਕਰਕੇ 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸ਼ੀਸ਼ਾ ਆਮ ਆਦਮੀ ਪਾਰਟੀ ਨੂੰ ਦਿਖਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਦੀਨਾਨਗਰ ਹਲਕੇ ਵਿਚ ਕਾਂਗਰਸ ਦੀ ਭਾਰੀ ਜਿੱਤ ਨੇ ਅਰੁਣਾ ਚੌਧਰੀ ਦੀਆਂ ਨੀਤੀਆਂ ਅਤੇ ਕੰਮਾਂ 'ਤੇ ਮੋਹਰ ਲਗਾਈ ਹੈ | ਇਸ ਤੋਂ ਬਾਅਦ ਕਾਂਗਰਸ ਦੇ ਜੇਤੂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਤੋਂ ਇਲਾਵਾ ਉੱਥੇ ਹਾਜ਼ਰ ਕਾਂਗਰਸੀ ਪੰਚਾ ਸਰਪੰਚਾਂ ਨੂੰ ਵੀ ਸੰਬੋਧਨ ਕੀਤਾ ਤੇ ਕਿਹਾ ਕਿ ਕਿਸੇ ਨੰੂ ਵੀ ਡਰਨ ਦੀ ਲੋੜ ਨਹੀਂ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਪਾਰਟੀ ਜਿੱਤ ਕੇ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ |1